ਥਾਣਾ ਖਰੜ ਵਿਖੇ ਪੋਕਸੋ ਐਕਟ ਤਹਿਤ ਦਰਜ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ-ਆਈ.ਜੀ. ਏ.ਐਸ. ਰਾਏ
ਮਹਿਲਾ ਆਈ.ਪੀ.ਐਸ. ਅਧਿਕਾਰੀ 20 ਦਿਨਾਂ ‘ਚ ਜਾਂਚ ਕਰਕੇ ਰਿਪੋਰਟ ਦੇਣਗੇ
ਪਟਿਆਲਾ, 3 ਜਨਵਰੀ (ਮਧੂਸਾਰ ਬਿਊਰੋ) ਇੰਸਪੈਕਟਰ ਜਨਰਲ ਆਫ਼ ਪੁਲਿਸ, ਪਟਿਆਲਾ ਜ਼ੋਨਲ-1 ਸ੍ਰੀ ਏ.ਐਸ. ਰਾਏ ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਥਾਣਾ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਪੋਕਸੋ ਐਕਟ ਤਹਿਤ ਦਰਜ ਮੁਕੱਦਮੇ ਦੀ ਤਫ਼ਤੀਸ਼ ਸੁਚੱਜੇ ਢੰਗ ਨਾਲ ਕਰਨ ਲਈ ਇਕ ਮਹਿਲਾ ਆਈ.ਪੀ.ਐਸ. ਅਧਿਕਾਰੀ ਦੀ ਅਗਵਾਈ ਹੇਠ ਸਪੈਸ਼ਲ ਪੜਤਾਲੀਆ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਟੀਮ 20 ਦਿਨਾਂ ਦੇ ਅੰਦਰ-ਅੰਦਰ ਆਪਣੀ ਜਾਂਚ ਕਰਕੇ ਰਿਪੋਰਟ ਆਈ.ਜੀ. ਪਟਿਆਲਾ ਜ਼ੋਨਲ ਨੂੰ ਪੇਸ਼ ਕਰੇਗੀ।
ਸ੍ਰੀ ਰਾਏ ਨੇ ਦੱਸਿਆ ਕਿ ਪੁਲਿਸ ਨੇ ਮਿਸ ਸਿਮਰਨਜੀਤ ਕੌਰ ਪੁੱਤਰੀ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 119 ਮਿਤੀ 3 ਜੁਲਾਈ 2017 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 341, 506,376-ਡੀ, 120-ਬੀ ਅਤੇ 6 ਪੋਕਸੋ ਐਕਟ ਸਮੇਤ 3,4,6 ਐਸ.ਸੀ./ਐਸ.ਟੀ. ਐਕਟ ਤਹਿਤ ਹਰਮਨਜੀਤ ਸਿੰਘ ਆਦਿ ਵਿਰੁਧ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸੁਚੱਜੇ ਢੰਗ ਕਰਨ ਲਈ ਆਈ.ਪੀ.ਐਸ. ਅਧਿਕਾਰੀ ਸ੍ਰੀਮਤੀ ਕੰਵਰਦੀਪ ਕੌਰ ਐਸ.ਪੀ. ਸਥਾਨਕ ਪਟਿਆਲਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਆਈ.ਜੀ. ਸ੍ਰੀ ਰਾਏ ਨੇ ਦੱਸਿਆ ਕਿ ਇਹ ਟੀਮ ਇਸ ਮੁਕੱਦਮੇ ਦੀ ਜਾਂਚ ਨਿਰਪੱਖ ਤੌਰ ‘ਤੇ ਅਤੇ ਤੱਥਾਂ ਦੇ ਆਧਾਰ ‘ਤੇ ਡੂੰਘਾਈ ਨਾਲ ਪੜਤਾਲ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਆਪਣੀ ਮੁਕੰਮਲ ਰਿਪੋਰਟ 20 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਪੇਸ਼ ਕਰੇਗੀ।

