‘ਜੈਸ ਮੈਨ’ ‘ਮੇਅਰ’ ਦੀ ਭਾਲ, ਲਟਕੀ ‘ਮੇਅਰ’ ਦੀ ਚੋਣ!
ਕਾਂਗਰਸ ਵੱਲੋਂ ਕਲੰਕ ਧੋਣ ਦੀ ਕੋਸ਼ਿਸ਼, ‘ਅਕਾਲੀਆਂ’ ਨਾਲ ਨਹੀਂ ‘ਸਮਝੌਤਾ’
‘ਪਾਰਲੀਮਾਨੀ’ ਚੋਣਾਂ ‘ਚ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸੀਟਾਂ ‘ਤੇ ਵੱਡੇ ਫੇਰਬਦਲ ਦੇ ਆਸਾਰ
ਪਟਿਆਲਾ 4 ਜਨਵਰੀ (ਮਧੂਸਾਰ ਬਿਊਰੋ) ‘ਮੇਅਰ’ ਚੁਣੇ ਜਾਣ ਨੂੰ ਲੈ ਕੇ ਸਾਰੇ ਅਧਿਕਾਰ ਕੈਪਟਨ ਅਮਰਿੰਦਰ ਸਿੰਘ ਕੋਲ ਹੋਣ ਮਗਰੋਂ ਦਾਅਵੇਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ‘ਦਾਅਵੇਦਾਰੀਆਂ’ ਭਾਵੇਂ ਫਿਲਹਾਲ ਠੰਡੇ ਬਸਤੇ ‘ਚ ਪਈਆਂ ਨਜ਼ਰ ਆ ਰਹੀਆਂ ਹਨ, ਪਰ ਕਾਂਗਰਸੀ ਸੱਥਾਂ ‘ਚ ਘੁਸਰ-ਮੁਸਰ ਨਿਰੰਤਰ ਜਾਰੀ ਹੈ।
‘ਮੇਅਰ’ ਦਾ ਚਿਹਰਾ ਤਲਾਸ਼ਣ ਲਈ ਬੀਤੇ ਦਿਨੀਂ ਚੰਡੀਗੜ੍ਹ ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ ਕੌਂਸਲਰਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ‘ਚਾਹ’ ਪਾਰਟੀ ਰੱਖੀ ਗਈ ਸੀ। ਮੁੱਖ ਮੰਤਰੀ ਨਾਲ ਕੌਂਸਲਰਾਂ ਦੀ ਇਸ ਮੁਲਾਕਾਤ ਨੂੰ ‘ਮੇਅਰ’ ਕਵਾਇਦ ਵਜੋਂ ਹੀ ਲਿਆ ਗਿਆ ਤਾਂ ਜੋ ‘ਜੈਸ ਮੈਨ’ ਮੇਅਰ ਵਾਲੇ ਚਿਹਰੇ ‘ਤੇ ਮੋਹਰ ਲਗਾਈ ਜਾ ਸਕੇ। ਅਜਿਹਾ ਚਿਹਰਾ ਤਲਾਸ਼ਣ ਲਈ ਕਾਂਗਰਸ ਨੇ ‘ਮੇਅਰ’ ਦੀ ਚੋਣ ਨੂੰ ਥੋੜ੍ਹੇ ਸਮੇਂ ਲਈ ਲਟਕਾਉਣਾ ਹੀ ਬੇਹਤਰ ਸਮਝਿਆ।
ਇਹ ਪਹਿਲੀ ਵਾਰ ਹੈ ਕਿ ਕਾਂਗਰਸ ਲਈ ‘ਮੇਅਰ’ ਦੀ ਚੋਣ ‘ਚੁਣੌਤੀ’ ਬਣੀ ਹੋਵੇ ਕਿਉਂਕਿ ਕਾਂਗਰਸੀਆਂ ਦੇ ਆਪਸੀ ਕਾਟੋ-ਕਲੇਸ਼ ਕਾਰਨ ‘ਬਗਾਵਤੀ’ ਸੁਰ ਦਾ ਪ੍ਰਭਾਵ ‘ਲੁਧਿਆਣਾ’ ਨਿਗਮ ਚੋਣ ‘ਤੇ ਵੀ ਪੈ ਸਕਦਾ ਹੈ, ਜਿਸ ਦੀ ਭਿਣਕ ‘ਕਾਂਗਰਸ’ ਨੂੰ ਪੈ ਚੁੱਕੀ ਹੈ।
ਹਾਲਾਂਕਿ ਕਾਂਗਰਸ ਵੱਲੋਂ ‘ਵਫ਼ਾਦਾਰੀ’ ਨਾਲ ਕੰਮ ਕਰਨ ਅਤੇ ਜਨਰਲ ਸ਼੍ਰੇਣੀ ‘ਚੋਂ ਮੇਅਰ ਲਏ ਜਾਣ ਦੇ ਸੰਕੇਤ ਦਿੱਤੇ ਗਏ ਗਏ ਹਨ, ਜਦਕਿ ਬਹੁਤ ਸਾਰੇ ਕਾਂਗਰਸੀ ਸਮਾਂ ਆਉਣ ‘ਤੇ ਕਾਂਗਰਸ ਨੂੰ ਇਹ ਆਖਣ ਲਈ ਤਿਆਰ ਹਨ ਕਿ ‘ਜਿਹੋ ਜਿਹਾ ਤੇਰਾ ਅੰਨ ਪਾਣੀ’ ‘ਅਜਿਹਾ ਸਾਡਾ ਕੰਮ ਜਾਣੀ’, ਜੋ ਸਿੱਧੇ ਰੂਪ ਵਿਚ ਕਾਂਗਰਸ ਨੂੰ ਠੇਂਗਾ ਵਿਖਾਉਣ ਦੀ ਅੰਦਰੋਂ-ਅੰਦਰ ਤਿਆਰੀ ਕਰੀ ਬੈਠੇ ਹਨ।
ਸਿਆਸੀ ਹਲਕਿਆਂ ‘ਚ ਇਹ ਵੀ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ‘ਮੇਅਰ’ ਵਜੋਂ ਅਜਿਹੇ ਚਿਹਰੇ ਨੂੰ ਲੈ ਕੇ ਆਉਣਾ ਚਾਹੁੰਦੇ ਹਨ, ਜੋ ਭਵਿੱਖ ‘ਚ ‘ਸ਼ਾਹੀ ਪਰਿਵਾਰ’ ਲਈ ਚੁਣੌਤੀ ਨਾ ਬਣੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਇਸ ਪਾਰੀ ਨੂੰ ਆਖਰੀ ਪਾਰੀ ਐਲਾਨ ਚੁੱਕੇ ਹਨ। ਦੂਜੇ ਪਾਸੇ ਕੈਪਟਨ ਸਰਕਾਰ ‘ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤੇ ਗਏ ਬ੍ਰਹਮ ਮਹਿੰਦਰਾ ਵੀ ਆਉਣ ਵਾਲੇ ਸਮੇਂ ‘ਚ ਆਪਸੀ ਸਿਆਸੀ ਤਜਰਬੇ ਦਾ ਲਾਭ ਆਪਣੇ ਫਰਜ਼ੰਦ ਮੋਹਿਤ ਮਹਿੰਦਰਾ ਨੂੰ ਦਿਵਾਉਣ ਦੀ ਦਿਲਚਸਪੀ ਰੱਖਦੇ ਹਨ, ਜਿਸ ਨੂੰ ਨੇੜੇ ਭਵਿੱਖ ‘ਚ ਕਿਸੇ ਸਮੇਂ ਵੀ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ।
ਨਿਗਮ ਚੋਣਾਂ ਦੌਰਾਨ ਕੈਪਟਨ ਸਰਕਾਰ ਨੇ ਸਾਰੀਆਂ ਸੀਟਾਂ ‘ਤੇ ਕਾਬਜ਼ ਹੁੰਦਿਆਂ ਇਹ ਕਲੰਕ ਵੀ ਧੋਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਅਕਾਲੀਆਂ’ ਨਾਲ ਸਾਡਾ ਕੋਈ ‘ਸਮਝੌਤਾ’ ਨਹੀਂ, ਪਰ ਨੇੜੇ ਭਵਿੱਖ ‘ਚ ਹੋਣ ਜਾ ਰਹੀ ‘ਪਾਰਲੀਮਾਨੀ’ ਚੋਣਾਂ ਦੌਰਾਨ ਸੀਟਾਂ ਨੂੰ ਲੈ ਕੇ ਹੋਣ ਵਾਲੇ ‘ਫੇਰਬਦਲ’ ਨੂੰ ਲੈ ਕੇ ‘ਸਮਝੌਤੇ’ ਦੀ ਝਲਕ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਿਆਸੀ ਸੂਤਰਾਂ ਮਤਾਬਕ ‘ਪਾਰਲੀਮਾਨੀ’ ਚੋਣਾਂ ‘ਚ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸੀਟਾਂ ‘ਤੇ ਵੱਡੇ ਫੇਰਬਦਲ ਦੇ ਆਸਾਰ ਹਨ, ਜਿਸ ਦੀ ਝਲਕ ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਸੀਟ ਦੇ ਰਸਮੀ ਐਲਾਨ ਮਗਰੋਂ ਹੀ ਪਵੇਗੀ। ਸੂਤਰਾਂ ਦਾ ਮੰਨਣਾ ਹੈ ਕਿ ਕਾਂਗਰਸ ਵੱਲੋਂ ਰਣਇੰਦਰ ਸਿੰਘ ਟਿੰਕੂ ਨੂੰ ਬਠਿੰਡਾ ਅਤੇ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫਾਜ਼ਿਲਕਾ ਤੋਂ ਚੋਣ ਲੜਾਈ ਜਾ ਸਕਦੀ ਹੈ, ਜਦਕਿ ਪਟਿਆਲਾ ਤੋਂ ਬੀਬਾ ਜੈਇੰਦਰ ਕੌਰ ਜਾਂ ਬ੍ਰਹਮ ਮਹਿੰਦਰਾ ਦਾ ਫਰਜ਼ੰਦ ਮੋਹਿਤ ਮਹਿੰਦਰਾ ਇਸ ਚੋਣ ਪਿੜ ਵਿਚ ਉਤਰ ਸਕਦੇ ਹਨ। ਅਜਿਹੇ ਸਮੀਕਰਣਾਂ ਦੇ ਚੱਲਦਿਆਂ ਕਾਂਗਰਸ ਲਈ ‘ਮੇਅਰ’ ਦੀ ਚੋਣ ‘ਚੁਣੌਤੀ’ ਬਣੀ ਹੋਈ ਹੈ।

