ਚੱਢਾ ਦੀ ਵਾਇਰਲ ਵੀਡੀਓ ਤੋਂ ਬਾਦ ਪੁੱਤਰ ਨੇ ਖ਼ੁਦ ਨੂੰ ਮਾਰ ਲਈ ‘ਗੋਲੀ’
ਅੰਮ੍ਰਿਤਸਰ 3 ਜਨਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿਨੀਂ ਧਾਰਮਿਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਅੰਮ੍ਰਿਤਸਰ ਦੇ ਡੀਸੀਪੀ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਚੱਢਾ ਦੁਪਿਹਰ ਅੰਮ੍ਰਿਤਸਰ-ਅਜਨਾਲਾ ਰੋਡ ‘ਤੇ ਗਰੀਨ ਏਕੜ ਇਲਾਕੇ ਵਿੱਚ ਆਪਣੀ ਫਾਰਚੂਨਰ ਗੱਡੀ ‘ਤੇ ਆਪਣੇ ਡਰਾਈਵਰ ਸਮੇਤ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਆਇਆ ਸੀ। ਜਦੋਂ ਰਿਸ਼ਤੇਦਾਰ ਘਰ ਨਹੀਂ ਮਿਲਿਆ ਤਾਂ ਉਸ ਨੇ ਡਰਾਈਵਰ ਨੂੰ ਗੱਡੀ ਵਾਪਸ ਮੋੜਨ ਲਈ ਕਿਹਾ। ਕੁਝ ਹੀ ਦੇਰ ਬਾਅਦ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਇਸ ਤੋਂ ਬਾਅਦ ਡਰਾਈਵਰ ਤੁਰੰਤ ਉਸ ਨੂੰ ਲੈ ਕੇ ਨਜ਼ਦੀਕੀ ਹਸਪਤਾਲ ਪਹੁੰਚਿਆ ਪਰ ਉਦੋਂ ਤੱਕ ਇੰਦਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੱਢਾ ਫਰਾਰ ਹੈ ਅਤੇ ਪੁਲਿਸ ਵਲੋਂ ਉਸਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਖ਼ਬਰਾਂ ਇਹ ਵੀ ਸਨ ਕਿ ਚੱਢਾ ਦੇਸ਼ ਛੱਡ ਕੇ ਵਿਦੇਸ਼ ਜਾ ਚੁੱਕਾ ਹੈ।

