ਪੰਜਾਬ

ਮੁੱਖ ਮੰਤਰੀ ਵੱਲੋਂ ਨਿਤਿਨ ਗਡਕਰੀ ਪਾਸੋਂ ਕੌਮੀ ਮਾਰਗ-344ਏ ਨੂੰ ‘ਮਾਤਾ ਗੁਜਰੀ ਮਾਰਗ’ ਐਲਾਨਣ ਦੀ ਮੰਗ

ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 11 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਕੀਤੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਜਹਾਜ਼ਰਾਨੀ, ਸੜਕੀ ਆਵਾਜਾਈ ਅਤੇ ਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਕੌਮੀ ਮਾਰਗ-344ਏ ਦਾ ਨਾਂ ਬਦਲ ਕੇ ‘ਮਾਤਾ ਗੁਜਰੀ ਮਾਰਗ’ ਰੱਖਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਬੀਤੇ ਮਹੀਨੇ ਫਤਹਿਗੜ੍ਹ ਸਾਹਿਬ ਵਿਖੇ ਦੱਸਿਆ ਸੀ ਕਿ ਪਟਿਆਲਾ ਤੋਂ ਪਨਿਆਲੀ (ਰੋਪੜ-ਫਗਵਾੜਾ ‘ਤੇ ਸਥਿਤ) ਵਾਇਆ ਸਰਹਿੰਦ-ਫਤਹਿਗੜ੍ਹ ਸਾਹਿਬ-ਬੱਸੀ ਪਠਾਨਾ-ਮੋਰਿੰਡਾ ਤੱਕ ਨਵੇਂ ਕੌਮੀ ਮਾਰਗ ਦਾ ਨਾਂ ‘ਮਾਤਾ ਗੁਜਰੀ ਮਾਰਗ’ ਰੱਖਣ ਬਾਰੇ ਤਜਵੀਜ਼ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ।
ਸ੍ਰੀ ਨਿਤਿਨ ਗਡਕਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਰਗ ਬਾਰੇ ਸੰਭਵਤਾ ਰਿਪੋਰਟ ਅਤੇ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਪ੍ਰਕ੍ਰਿਆ ਅਧੀਨ ਹੈ ਜੋ ਛੇਤੀ ਹੀ ਮੰਤਰਾਲੇ ਕੋਲ ਸੌਂਪ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਤਿਹਾਸਕ ਕਸਬੇ ਸਰਹਿੰਦ, ਫਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਇਸੇ ਮਾਰਗ ‘ਤੇ ਸਥਿਤ ਹਨ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨਾਲ ਸਨ, ਨੇ ਵੀ ਫਤਹਿਗੜ੍ਹ ਸਾਹਿਬ ਵਿਖੇ ਆਪਣੇ ਪ੍ਰਾਣ ਤਿਆਗੇ ਸਨ। ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਲਾਸਾਨੀ ਮੂਰਤ ਹਨ ਜਿਨ੍ਹਾਂ ਨੂੰ ਬਹਾਦਰੀ ਅਤੇ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਵੱਲੋਂ ਕੌਮੀ ਮਾਰਗ 344ਏ ਨੂੰ ਪਿੰਡ ਪਨਿਆਲੀ ਤੋਂ ਵਾਇਆ ਬੇਲਾ-ਚਮਕੌਰ ਸਾਹਿਬ-ਮੋਰਿੰਡਾ-ਸਰਹਿੰਦ ਤੱਕ ਪਟਿਆਲਾ ਨਾਲ ਜੋੜਨ ਲਈ ਸਿਧਾਂਤਕ ਤੌਰ ‘ਤੇ ਕੀਤੇ ਐਲਾਨ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *