ਪੰਜਾਬਪਟਿਆਲਾ

ਦ੍ਰੌਣਾਚਾਰੀਆ ਐਵਾਰਡੀ ਸੁਖਚੈਨ ਚੀਮਾ ਦੀ ਸੜਕ ਹਾਦਸੇ ‘ਚ ਮੌਤ

ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੇ ਬੇਵਕਤੀ ਦੇਹਾਂਤ ‘ਤੇ ਪਰਨੀਤ ਕੌਰ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਤੇ ਨਵਜੋਤ ਸਿੱਧੂ ਵੱਲੋਂ ਦੁੱਖ ਦਾ ਪ੍ਰਗਟਾਵਾ
ਕੰਬੋਜ, ਨਿਰਮਲ ਸਿੰਘ, ਜਲਾਲਪੁਰ, ਰਜਿੰਦਰ ਸਿੰਘ ਸਮੇਤ ਹਨੀ ਸੇਖੋਂ, ਮੰਡਲ ਕਮਿਸ਼ਨਰ, ਆਈ.ਜੀ., ਡੀ.ਆਈ.ਜੀ., ਡੀ.ਸੀ ਤੇ ਐਸ.ਐਸ.ਪੀ. ਨੇ ਵੀ ਦੁੱਖ ਪ੍ਰਗਟਾਇਆ
ਪਟਿਆਲਾ, 11 ਜਨਵਰੀ (ਮਧੂਸਾਰ ਬਿਊਰੋ) ਪਟਿਆਲਾ ਦੇ ਦੱਖਣੀ ਬਾਈਪਾਸ ਤੇ ਦੇਰ ਰਾਤ ਹੋਏ ਇਕ ਸੜਕ ਹਾਦਸੇ ਵਿੱਚ ਦ੍ਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਮੌਤ ਹੋ ਗਈ। ਜਦ ਕਿ ਹਾਦਸੇ ਵਿੱਚ ਦੂਜੀ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ।

ਇਹ ਦਰਦਨਾਕ ਹਾਦਸਾ ਸੰਗਰੂਰ ਰੋਡ ਤੋਂ ਚੰਡੀਗੜ੍ਹ ਰੋਡ ਨਾਲ ਜੋੜਨ ਵਾਲੇ ਬਾਈਪਾਸ ‘ਤੇ ਪਿੰਡ ਮੈਣ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਪਹਿਲਵਾਨ ਚੀਮਾ ਦੇਰ ਰਾਤ ਲੀਵਾ ਕਾਰ ਵਿੱਚ ਕਿਸੇ ਨਿੱਜੀ ਕੰਮ ਤੋਂ ਘਰ ਪਰਤ ਰਹੇ ਸਨ,।ਬਾਈਪਾਸ ‘ਤੇ ਤੇਜ਼ ਰਫਤਾਰ ਆਲਟੋ ਕਾਰ ਨੇ ਚੀਮਾ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਚੀਮਾ ਦੀ ਗੱਡੀ ਡ੍ਰੇਨ ਵਿੱਚ ਜਾ ਡਿੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਦੇ ਮੁਤਾਬਕ ਉਨ੍ਹਾਂ ਦੇ ਨਾਲ ਇਕ ਮਹਿਲਾ ਵੀ ਸੀ ਜੋ ਠੀਕ ਸੀ ਪਰ ਸੁਖਚੈਨ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਸਨ।
ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੇ ਬੇਵਕਤੀ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਸ. ਚੀਮਾ ਦੇ ਅਕਾਲ ਚਲਾਣੇ ਨੂੰ ਦੇਸ਼ ਅਤੇ ਖੇਡ ਜਗਤ ਸਮੇਤ ਚੀਮਾ ਪਰਿਵਾਰ ਨੂੰ ਪਿਆ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ ਹੈ। ਸ੍ਰੀਮਤੀ ਪਰਨੀਤ ਕੌਰ ਦੇ ਨਾਲ ਹੀ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵੀ ਸ. ਚੀਮਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਪਹਿਲਵਾਨ ਸ. ਚੀਮਾ ਦਾ ਬੀਤੀ ਰਾਤ ਪਟਿਆਲਾ ਨੇੜੇ ਅਚਨਚੇਤ ਵਾਪਰੇ ਇਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ।
ਜਾਰੀ ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀਮਤੀ ਪਰਨੀਤ ਕੌਰ, ਸ੍ਰੀ ਬ੍ਰਹਮ ਮਹਿੰਦਰਾ, ਸ. ਸਾਧੂ ਸਿੰਘ ਧਰਮਸੋਤ ਸਮੇਤ ਹਲਕਾ ਰਾਜਪੁਰਾ ਤੋਂ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਹਲਕਾ ਸ਼ੁਤਰਾਣਾ ਤੋਂ ਵਿਧਾਇਕ ਸ. ਨਿਰਮਲ ਸਿੰਘ, ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਸਮਾਣਾ ਤੋਂ ਵਿਧਾਇਕ ਸ. ਰਜਿੰਦਰ ਸਿੰਘ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਨੇ ਸ. ਚੀਮਾ ਦੇ ਦੇਹਾਂਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਪੰਜਾਬ ਨੇ ਸੂਬੇ ਲਈ ਨਾਮਣਾ ਖੱਟਣ ਵਾਲਾ ਚੋਟੀ ਦਾ ਪਹਿਲਵਾਨ ਅਤੇ ਖੇਡ ਜਗਤ ਦਾ ਇਕ ਅਨਮੋਲ ਹੀਰਾ ਗਵਾ ਲਿਆ ਹੈ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਿਆਂ ਉਨ੍ਹਾਂ ਕਿਹਾ ਕਿ ਸ. ਚੀਮਾ ਦੇ ਦੇਹਾਂਤ ਨਾਲ ਪਟਿਆਲਾ ਸ਼ਹਿਰ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚੀਮਾ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ। ਪਰਿਵਾਰਕ ਸੂਤਰਾਂ ਮੁਤਾਬਕ ਸ. ਸੁਖਚੈਨ ਸਿੰਘ ਚੀਮਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਪਟਿਆਲਾ ਵਾਸੀ ਸਵਰਗੀ ਓਲੰਪੀਅਨ ਕੇਸਰ ਸਿੰਘ ਚੀਮਾ ਰੁਸਤਮੇ ਹਿੰਦ ਦੇ ਸਪੁੱਤਰ ਸਵਰਗੀ ਸ. ਸੁਖਚੈਨ ਸਿੰਘ ਚੀਮਾ ਦਾ ਸਪੁੱਤਰ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਵੀ ਰੁਸਤਮੇ ਹਿੰਦ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦਾ ਤਮਗਾ ਜੇਤੂ ਹੈ। ਸਵਰਗੀ ਸ. ਸੁਖਚੈਨ ਸਿੰਘ ਚੀਮਾ ਨੇ 1974 ਵਿੱਚ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਇਨ੍ਹਾਂ ਨੂੰ ਕੁਸ਼ਤੀ ਵਿੱਚ ਬਤੌਰ ਕੋਚ ਯੋਗਦਾਨ ਪਾਉਣ ਬਦਲੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਆ ਗਿਆ ਸੀ।
ਇਸੇ ਦੌਰਾਨ ਸ. ਚੀਮਾ ਦੇ ਦੇਹਾਂਤ ‘ਤੇ ਪਟਿਆਲਾ ਦੇ ਕਮਿਸ਼ਨਰ ਸ੍ਰੀ ਵੀ.ਕੇ. ਮੀਨਾ, ਆਈ.ਜੀ. ਪਟਿਆਲਾ ਜੋਨ ਸ੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਅਤੇ ਐਸ.ਐਸ.ਪੀ. ਡਾ. ਐਸ. ਭੂਪਤੀ ਨੇ ਵੀ ਸ. ਚੀਮਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੇ ਸ. ਚੀਮਾ ਦੇ ਸਪੁੱਤਰ ਸ. ਪਲਵਿੰਦਰ ਸਿੰਘ ਚੀਮਾ ਸਮੇਤ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published. Required fields are marked *