ਨਾਰਾਜ਼ ਜੱਜਾਂ ਨਾਲ ਜਸਟਿਸ ਵੱਲੋਂ ਮੁਲਾਕਾਤ ਕਰਕੇ ਮਨਾਉਣ ਦੀ ਕੋਸ਼ਿਸ਼
ਨਵੀਂ ਦਿੱਲੀ (ਮਧੂਸਾਰ ਬਿਊਰੋ) ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਨਰਾਜ਼ ਚਾਰ ਜੱਜਾਂ ਨਾਲ ਗੱਲਬਾਤ ਕਰ ਕੇ ਵਿਵਾਦ ਨਿਪਟਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਪਿਛਲੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਕਰ ਕੇ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਪ੍ਰਸ਼ਾਸਨ ਵਿਚ ਕਥਿਤ ਖਾਮੀਆਂ ਨੂੰ ਉਜਾਗਰ ਕੀਤਾ ਸੀ।
ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਆਮ ਕੰਮ-ਕਾਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਭ ਜੱਜ ਚਾਹ ‘ਤੇ ਮਿਲੇ ਅਤੇ ਚੀਫ ਜਸਟਿਸ ਮਿਸ਼ਰਾ ਨੇ ਜਸਟਿਸ ਚੇਲਮੇਸ਼ਵਰ, ਮਦਨ ਬੀ. ਲੋਕੁਰ, ਕੁਰੀਅਨ ਜੋਸੇਫ ਅਤੇ ਰੰਜਨ ਗੋਗੋਈ ਨਾਲ ਗੱਲਬਾਤ ਕਰ ਕੇ ਵਿਵਾਦ ਹੱਲ ਕਰਨ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ‘ਜੱਜ ਵਿਵਾਦ’ ਸਬੰਧੀ ਦੋ ਅਹਿਮ ਕਾਨੂੰਨੀ ਸੰਗਠਨਾਂ ਦੇ ਜਿਥੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ, ਉਥੇ ਅਟਾਰਨੀ ਜਨਰਲ ਨੇ ਵੀ ਸੰਕਟ ਨੂੰ ਹੱਲ ਕਰਨ ਵਿਚ 2-3 ਦਿਨ ਹੋਰ ਲੱਗਣ ਦੀ ਗੱਲ ਕਹੀ। ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਪਿੱਛੋਂ ਪੈਦਾ ਹੋਇਆ ਵਿਵਾਦ ਅਜੇ ਖਤਮ ਨਹੀਂ ਹੋਇਆ। ਇਸ ਨੂੰ ਪੂਰੀ ਤਰ੍ਹਾਂ ਖਤਮ ਹੋਣ ‘ਚ 2 ਤੋਂ 3 ਦਿਨ ਲੱਗ ਸਕਦੇ ਹਨ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਕਾਸ ਸਿੰਘ ਨੇ ਵੀ ਕਿਹਾ ਕਿ ਸੰਕਟ ਦਾ ਹੱਲ ਇਸ ਹਫਤੇ ਦੇ ਅੰਤ ਤੱਕ ਹੀ ਹੋ ਸਕੇਗਾ। ਦੂਜੇ ਪਾਸੇ ਵਕੀਲਾਂ ਦੀ ਸਰਬਉੱਚ ਸੰਸਥਾ ਬਾਰ ਕੌਂਸਲ ਆਫ ਇੰਡੀਆ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਚ ਹੁਣ ਕੋਈ ਸੰਕਟ ਨਹੀਂ।

