ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਸਾਲਾਨਾ ਜੋੜ ਮੇਲ ਸਬੰਧੀ ਤਿਆਰੀਆਂ ਮੁਕੰਮਲ
ਕਵੀ ਦਰਬਾਰ, ਕੀਰਤਨ ਸਮਾਗਮ ਅਤੇ ਢਾਡੀ ਜਥੇ ਸੰਗਤਾਂ ਨੂੰ ਕਰਨਗੇ ਨਿਹਾਲ
ਪਟਿਆਲਾ 21 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਚੱਜੀ ਅਗਵਾਈ ‘ਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲ ਬਸੰਤ ਪੰਚਮੀ ਸ਼ਰਧਾ ਭਾਵਨਾ ਨਾਲ ਅੱਜ ਮਨਾਇਆ ਜਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਟਰੈਫਿਕ ਵਿਵਸਥਾ, ਲੰਗਰ ਪ੍ਰਬੰਧ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹਨ।
ਇਸ ਸਬੰਧੀ ਜਾਣਕਾਰੀ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਮੌਕੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਕਵੀ ਦਰਬਾਰ, ਕੀਰਤਨ ਸਮਾਗਮ, ਢਾਡੀ ਦਰਬਾਰ ਸ਼ਾਮ ਸਮੇਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਹਜ਼ੂਰੀ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਬਸੰਤ ਪੰਚਮੀ ਮੌਕੇ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਗੋਵਾਲ ਵੀ ਸ਼ਿਰਕਤ ਕਰਨਗੇ।
ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਬਸੰਤ ਪੰਚਮੀ ਸਬੰਧੀ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਨੂੰ ਨਾਮ ਬਾਣੀ ਦੇ ਪ੍ਰਚਾਰ ਨਾਲ ਨਿਹਾਲ ਕਰਦੇ ਹੋਏ ਇਕ ਝਿਉਰ ਸਿੱਖ ਭਾਗ ਰਾਮ ਦੀ ਬੇਨਤੀ ਮੰਨਕੇ ਪਿੰਡ ਲਹਿਲ ਦੇ ਇਕ ਟੋਬੇ ਕਿਨਾਰੇ ਬਿਰਾਜਮਾਨ ਹੋਏ ਸਨ, ਜਿਥੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ, ਉਸ ਦੇ ਸਭ ਰੋਗ ਦੂਰ ਹੋ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਸੰਤ ਪੰਚਮੀ ਮੌਕੇ ਅਰੋਗ ਰਹਿਣ ਲਈ ਗੁਰਦੁਆਰਾ ਸਾਹਿਬ ਪਹੁੰਚ ਕੇ ਇਸ਼ਨਾਨ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ।
ਇਸ ਮੌਕੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਮੈਨੇਜਰ ਜਗਮੀਤ ਸਿੰਘ ਨੇ ਦੱਸਿਆ ਕਿ ਬਸੰਤ ਪੰਚਮੀ ਮੌਕੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਟੀ.ਵੀ. ਚੈਨਲਾਂ ਰਾਹੀਂ ਕੀਤਾ ਜਾਵੇਗਾ।

