ਆਰ.ਟੀ.ਏ ਗੁਰਪ੍ਰੀਤ ਥਿੰਦ ਨੇ ਦਿੱਤਾ ਪ੍ਰਈਵੇਟ ਟਰਾਂਸਪੋਰਟ ਦੀ ਬਜਾਏ ਪਬਲਿਕ ਟਰਾਂਸਪੋਰਟ ਦੇ ਪ੍ਰਯੋਗ ਦਾ ਹੋਕਾ
-ਟਰੱਕ ਓਪਰੇਟਰਾਂ ਨੇ ਦਿੱਤਾ ਪੂਰਨ ਸਹਿਯੋਗ ਦਾ ਭਰੋਸਾ
ਪਟਿਆਲਾ, 6 ਜੂਨ (ਮਧੂਸਾਰ ਬਿਊਰੋ) ਦੀ ਪਟਿਆਲਾ ਟਰੱਕ ਓਪਰੇਟਰ ਕੋ ਆਪਰੇਟਿਵ ਸੁਸਾਇਟੀ ਵੱਲੋਂ ਵਾਤਾਵਰਣ ਦਿਵਸ ਮੌਕੇ ਇੱਕ ਵਿਸ਼ੇਸ਼ ਜਾਗਰੂਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਆਰ.ਟੀ.ਏ. ਗੁਰਪ੍ਰੀਤ ਸਿੰਘ ਥਿੰਦ ਪਹੁੰਚੇ।
ਇਸ ਮੌਕੇ ਜਿਥੇ ਸਮੁੱਚੇ ਟਰੱਕ ਓਪਰੇਟਰਾਂ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਦਾ ਸੰਕਲਪ ਲਿਆ, ਉਥੇ ਆਰ.ਟੀ.ਏ. ਥਿੰਦ ਨੇ ਕਿਹਾ ਕਿ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਦੇ ਨਾਲ ਨਾਲ ਹੁਣ ਸਮਾਂ ਆ ਗਿਆ ਕਿ ਅਸੀਂ ਪ੍ਰਾਈਵੇਟ ਵਾਹਨਾਂ ਦੀ ਬਜਾਏ ਜਿਆਦਾ ਤੋਂ ਜਿਆਦਾ ਪਬਲਿਕ ਟਰਾਂਸਪੋਰਟ ਦਾ ਪ੍ਰਯੋਗ ਕਰੀਏ। ਇਸ ਨਾਲ ਪ੍ਰਦੂਸ਼ਣ ਵੀ ਕੰਟਰੋਲ ਹੋਵੇਗਾ, ਸੜਕਾਂ ‘ਤੇ ਟਰੈਫਿਕ ਘਟੇਗੀ ਅਤੇ ਸਾਨੂੰ ਆਰਥਿਕ ਤੌਰ ‘ਤੇ ਫਾਇਦਾ ਵੀ ਹੋਵੇਗਾ। ਉਹਨਾਂ ਕਿਹਾ ਕਿ ਸੜਕ ‘ਤੇ ਕਿਤੇ ਵੀ ਨਜ਼ਰ ਦੌੜਾਈ ਜਾਵੇ ਤਾਂ ਪੰਜ ਵਿਅਕਤੀਆਂ ਨੂੰ ਲਿਜਾਉਣ ਲਈ ਬਣਾਈ ਗਈ ਕਾਰ ਵਿਚ ਇੱਕ ਜਾਂ ਫੇਰ ਵੱਧ ਤੋਂ ਵੱਧ ਦੋ ਵਿਅਕਤੀ ਹੀ ਸਵਾਰ ਹੁੰਦੇ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਹੁਣ ਡੇਅਰੀ ਤੋਂ ਦੁੱਧ ਲਿਆਉਣ ਲਈ ਵੀ ਕਾਰ ਦਾ ਪ੍ਰਯੋਗ ਕਰਨ ਲੱਗ ਪਏ ਹਨ, ਜਿਹੜੀ ਇੱਕ ਪਾਸੇ ਪ੍ਰਦੂਸ਼ਣ ਅਤੇ ਟਰੈਫਿਕ ਸਮੱਸਿਆ ਵਿਚ ਵਾਧਾ ਕਰ ਰਹੀ ਹੈ, ਉਥੇ ਸਾਡੇ ਕੁਦਰਤੀ ਸ਼੍ਰੋਤ ਪੈਟਰੋਲੀਅਮ ਪਦਾਰਥਾਂ ਦਾ ਵੀ ਬੇਲੋੜਾ ਪ੍ਰਯੋਗ ਹੋ ਰਿਹਾ ਹੈ, ਜੋ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਕਾਫੀ ਜਿਆਦਾ ਘਾਤਕ ਸਾਬਤ ਹੋਵੇਗਾ। ਉਹਨਾ ਕਿਹਾ ਕਿ ਆਉ ਅੱਜ ਵਾਤਾਵਰਣ ਦਿਵਸ ਮੌਕੇ ਪ੍ਰਣ ਕਰੀਏ ਕਿ ਕਾਰਾਂ ਦੀ ਥਾਂ ‘ਤੇ ਪਬਲਿਕ ਟਰਾਂਸਪੋਰਟ ਦਾ ਜਿਆਦਾ ਤੋਂ ਜਿਆਦਾ ਪ੍ਰਯੋਗ ਕੀਤਾ ਜਾਵੇ। ਟਰੱਕ ਓਪਰੇਟਰਾਂ ਵੱਲੋਂ ਆਰ.ਟੀ.ਏ. ਨੂੰ ਭਰੋਸਾ ਦਿੱਤਾ ਗਿਆ ਕਿ ਉਹ ਅੱਜ ਤੋਂ ਬਾਅਦ ਜਿਆਦਾ ਤੋਂ ਜਿਆਦਾ ਪਬਲਿਕ ਟਰਾਂਸਪੋਰਟ ਦਾ ਪ੍ਰਯੋਗ ਕਰਨਗੇ। ਇਸ ਮੌਕੇ ਐਸ.ਓ. ਰਾਕੇਸ਼ ਗਰਗ, ਤਰਸੇਮ ਸਟੈਨੋ, ਬਲਵਿੰਦਰ ਸਿੰਘ, ਬਲਜੀਤ ਸਿੰਘ, ਪ੍ਰਧਾਨ ਤਰਲੋਚਨ ਸਿੰਘ ਤੋਚੀ, ਸੁਖਵਿੰਦਰ ਸਿੰਘ ਨਿੱਕੂ ਬਰਾੜ, ਸੁਖਦੇਵ ਸਿੰਘ, ਜਸ਼ਨਜੋਤ ਸਿੰਘ, ਰਾਣਾ ਪੰਜੇਟਾਂ, ਸੋਨੂੰ ਢਿੱਲੋਂ, ਬਲਵਿੰਦਰ ਸਿੰਘ, ਕ੍ਰਿਪਾਲ ਸਿੰਘ ਆਦਿ ਵਿਸ਼ੇਸ ਹਾਜ਼ਰ ਸਨ।

