ਪੰਜਾਬਪਟਿਆਲਾ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਨਤਮਸਤਕ

‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦੇ ਸਿਧਾਂਤ ਨੂੰ ਧਾਰਨ ਕਰਨ ਦੀ ਲੋੜ : ਪ੍ਰੋ. ਬਡੂੰਗਰ
ਪਟਿਆਲਾ 26 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਧੂਮਧਾਮ, ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤੜਕਸਵੇਰ ਤੋਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਧਰਮ ਅਤੇ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।

ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਨੇ ਇਸ਼ਨਾਨ ਕੀਤਾ ਅਤੇ ਕੀਰਤਨੀ ਰਾਗੀ ਜਥਿਆਂ ਪਾਸੋਂ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਦੀਵਾਨ ਹਾਲ ‘ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਵੱਡੀ ਲੋੜ ਹੈ ਅਸੀਂ ਗੁਰੂ ਮਾਰਗ ਦੇ ‘ਸਿੱਖ’ ਬਣੀਏ ਅਤੇ ਗੁਰੂ ਸੰਕਲਪਾਂ ਦੇ ਧਾਰਨੀ ਹੋਈਏ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਨੁੱਖ ਨੂੰ ਗੁਰੂ ਮਾਰਗ ਦਾ ਪਾਂਧੀ ਬਣਨਾ ਚਾਹੀਦਾ। ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦਾ ਉਪਦੇਸ਼ ਸਮੁੱਚੀ ਲੋਕਾਈ ਨੂੰ ਦਿੱਤਾ, ਜਿਸ ਨੂੰ ਆਪਣੀ ਜੀਵਨ ਦਾ ਅਹਿਮ ਹਿੱਸਾ ਬਣਾ ਕੇ ਮਨੁੱਖ ਆਪਣੀ ਸਹੀ ਸਖਸ਼ੀਅਤ ਦਾ ਨਿਰਮਾਣ ਕਰ ਸਕਦਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਮਿਸ਼ਨ ਨੂੰ ਅੱਗੇ ਤੋਰਿਆ ਤੇ ਮਨੁੱਖਤਾ ਦੇ ਕਲਿਆਣ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਪਰਉਪਕਾਰੀ ਹੈ, ਗੁਰੂ ਬਖ਼ਸ਼ਹਾਰ ਹੈ, ਜੋ ਮਨੁੱਖ ਨੂੰ ਵੱਖ-ਵੱਖ ਸਰੂਪਾਂ ‘ਚ ਆਣ ਕੇ ‘ਏਕ ਕਮ ਹਮ ਬਾਰਿਕ’ ਦੇ ਸੰਕਲਪ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ‘ਗੁਰੂ ਸ਼ਬਦ’ ਨਾਲ ਜੁੜਦੇ ਹੋਏ ਸਾਰਿਆਂ ਨੂੰ ਪ੍ਰਮਾਤਮਾ ਦੀ ਸ਼ਰਨ ਤੇ ਓਟ ਆਸਰਾ ਲੈਣਾ ਚਾਹੀਦਾ ਹੈ ਤਾਂ ਖਾਲਸਾ ਪੰਥ ਤੇ ਵਿਲੱਖਣ ਪਹਿਚਾਣ ਦੀ ਧਾਰਨੀ ਬਣ ਸਕਦੇ ਹਾਂ।
ਇਸ ਮੌਕੇ ਹੈਡ ਗ੍ਰੰਥੀ ਗਿਆਨੀ ਭਾਈ ਪ੍ਰਣਾਮ ਸਿੰਘ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਮਨਪ੍ਰੀਤ ਸਿੰਘ ਚੱਢਾ, ਇਸਤਰੀ ਅਕਾਲੀ ਦਲ ਦਿਹਾਤੀ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਹਰਭਜਨ ਕੌਰ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਐਡੀਸ਼ਨਲ ਮੈਨੇਜਰ ਕਰਮ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਟਾਫ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *