ਪੰਜਾਬਪਟਿਆਲਾ

10 ਸਾਲਾਂ ਦੀਆਂ ਗ਼ਲਤ ਨੀਤੀਆਂ ਦਾ ਖਾਮਿਆਜਾ ਭੁਗਤ ਰਿਹੈ ਹੈ ਪੰਜਾਬ-ਪਰਨੀਤ ਕੌਰ

ਬੇਘਰਿਆਂ ਨੂੰ ਘਰ ਦੇਣ ਲਈ 60 ਲਾਭਪਾਤਰੀਆਂ ਨੂੰ ਸੌਂਪੇ ਪ੍ਰਵਾਨਗੀ ਪੱਤਰ
ਪਾਤੜਾਂ, 22 ਜਨਵਰੀ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਦੀਆਂ ਗ਼ਲਤ ਨੀਤੀਆਂ ਦਾ ਖਾਮਿਆਜਾ ਭੁਗਤ ਰਹੇ ਹਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਹਰ ਵਾਅਦੇ ਨੂੰ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਪੂਰਾ ਕਰੇਗੀ।

ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਸ਼ਹਿਰ ‘ਚ ਨਗਰ ਕੌਂਸਲ ਪਾਤੜਾਂ ਵੱਲੋਂ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਅਤੇ ਬੇਘਰਿਆਂ ਨੂੰ ਘਰ ਦੇਣ ਲਈ 60 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਸੌਂਪਣ ਲਈ ਪੁਰਾਣੀ ਅਨਾਜ ਮੰਡੀ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ਼ੁਤਰਾਣਾ ਸ. ਨਿਰਮਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਹਲਕੇ ਦੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਸਮੇਂ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਰਜੇ ‘ਚ ਦੱਬੀ ਹੋਈ ਸਰਕਾਰ ਦੀ ਵਾਂਗਡੋਰ ਸੰਭਾਲੀ ਪਰੰਤੂ ਇਸਦੇ ਬਾਵਜੂਦ ਪੰਜਾਬ ਅਤੇ ਰਾਜ ਵਾਸੀਆਂ ਦੇ ਭਲੇ ਲਈ ਯੋਜਨਾਵਾਂ ਉਲੀਕ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਕਿਸਾਨਾਂ ਦੇ ਕਰਜਿਆਂ ‘ਤੇ ਲੀਕ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦਾ ਸਿਹਰਾ ਪੰਜਾਬ ਦੇ ਲੋਕਾਂ ਸਿਰ ਹੈ, ਜਿਨ੍ਹਾਂ ਨੇ ਪੰਜਾਬ ਦੇ ਭਲੇ ਲਈ ਕਾਂਗਰਸ ਸਰਕਾਰ ਨੂੰ ਚੁਣਿਆਂ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਪੰਜਾਬ ਦੀ ਮਾਲੀ ਹਾਲਤ ਸਥਿਰ ਹੁੰਦੀ ਜਾਵੇਗੀ, ਉਸੇ ਹਿਸਾਬ ਨਾਲ ਪੰਜਾਬ ਹੋਰ ਤਰੱਕੀ ਦੀਆਂ ਲੀਹਾਂ ‘ਤੇ ਪਰਤ ਆਵੇਗਾ, ਜਿਸ ਲਈ ਸਰਕਾਰ ਪੂਰੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਦਾ ਪਾਤੜਾਂ ਪੁੱਜਣ ‘ਤੇ ਸਵਾਗਤ ਕਰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੀਆਂ ਰਾਹਾਂ ‘ਤੇ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹਲਕੇ ‘ਚ ਜੋ ਕੰਮ ਹੋਏ, ਉਹ ਸਭ ਰੋਕ ਦਿੱਤੇ ਗਏ ਸਨ ਅਤੇ ਪਿਛਲੇ 10 ਸਾਲ ਇਸ ਹਲਕੇ ‘ਚ ਵਿਕਾਸ ਕਾਰਜਾਂ ਦੇ ਨਾਮ ‘ਤੇ ਲੋਕਾਂ ਨੂੰ ਮੂਰਖ ਬਣਾਇਆ ਗਿਆ। ਉਨ੍ਹਾਂ ਹਲਕੇ ਦੀਆਂ ਮੰਗਾਂ ਬਾਬਤ ਕਿਹਾ ਕਿ ਘੱਗਰ ਨੇੜਲੇ ਪਿੰਡਾਂ ‘ਚ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਕੈਂਸਰ ਤੇ ਹੋਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਜਿਸ ਲਈ ਲੋਕਾਂ ਨੂੰ ਪੀਣ ਵਾਸਤੇ ਭਾਖੜਾ ਦਾ ਪਾਣੀ ਦੇਣਾ ਪਵੇਗਾ।
ਵਿਧਾਇਕ ਸ. ਨਿਰਮਲ ਸਿੰਘ ਨੇ ਦੱਸਿਆ ਕਿ ਪਾਤੜਾਂ ਵਿਖੇ ਅਨਾਜ ਮੰਡੀ ਬਾਰੇ ਮੁੱਖ ਮੰਤਰੀ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਤੇ ਇਸ ਦਾ ਹੱਲ ਜਲਦ ਕੱਢ ਲਿਆ ਜਾਵੇਗਾ, ਜਦੋਂ ਕਿ ਬੱਸ ਅੱਡੇ ਦੀ ਸਮੱਸਿਆ ਇਕ ਵਿਅਕਤੀ ਕਰਕੇ ਪੈਦਾ ਹੋਈ ਹੈ, ਉਸ ਦੇ ਹੱਲ ਲਈ ਉਹ ਨਿਜੀ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਵੀ ਪਹਿਲ ਦੇ ਆਧਾਰ ‘ਤੇ ਕਰਵਾਏ ਜਾਣਗੇ। ਜਦੋਂ ਕਿ ਬਾਈਪਾਸ ਪ੍ਰਾਜੈਕਟ ਜਲਦ ਮੁਕੰਮਲ ਹੋਵੇਗਾ, ਪਾਤੜਾਂ ਤੋਂ ਮੂਣਕ ਸੜਕ ਲਈ 40 ਲੱਖ ਦੀ ਪ੍ਰਵਾਨਗੀ ਹੋ ਗਈ ਹੈ ਤੇ ਖਨੌਰੀ ਤੋਂ ਕੈਥਲ ਸੜਕ ਵੀ ਜਲਦ ਬਣੇਗੀ।
ਇਸ ਤੋਂ ਪਹਿਲਾਂ ਸ੍ਰੀਮਤੀ ਪਰਨੀਤ ਕੌਰ ਨੇ 90 ਫੁਟੀ ਸੜਕ ਅਤੇ ਟੋਭਾ ਮਾਰਕੀਟ ‘ਚ ਵਿਕਾਸ ਕਾਰਜਾਂ ਦੀ ਉਸਾਰੀ ਅਤੇ ਨਵ-ਉਸਾਰੀ ਕਰਵਾਉਣ ਦੇ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵੀ ਸੰਬੋਧਨ ਕੀਤਾ ਅਤੇ ਦੱਸਿਆ ਕਿ ਸ਼ਹਿਰ ਪਾਤੜਾਂ ਸਮੇਤ ਹਲਕੇ ‘ਚ ਵਿਕਾਸ ਕਾਰਜਾਂ ‘ਚ ਕੋਈ ਰੁਕਾਵਟ ਨਹੀਂ ਹੈ ਅਤੇ ਅਨਾਜ ਮੰਡੀ ਦਾ ਮਸਲਾ ਜਲਦ ਹੱਲ ਹੋਵੇਗਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਚੇਅਰਮੈਨ ਤਰਸੇਮ ਬਾਂਸਲ, ਸਾਬਕਾ ਚੇਅਰਮੈਨ ਜੈ ਪਰਤਾਪ ਸਿੰਘ ਕਾਹਲੋਂ ਡੇਜੀ, ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਜੀਤ ਅਰੋੜਾ ਬਿੱਲਾ, ਬਲਾਕ ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ, ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸ਼ਹਿਰੀ ਪ੍ਰਧਾਨ ਸਤੀਸ਼ ਗਰਗ, ਬਲਾਕ ਪ੍ਰਧਾਨ ਤਰਲੋਚਨ ਸਿੰਘ ਸ਼ੇਰਗੜ੍ਹ, ਬਲਾਕ ਪ੍ਰਧਾਨ ਘੱਗਾ ਬਲਰਾਜ ਸਿੰਘ ਸਿਊਨਾ, ਕੀਮਤ ਰਾਏ ਸਿੰਗਲਾ, ਜਗਦੀਸ਼ ਰਾਏ ਪੰਛੀ, ਪੁਰਸ਼ੋਤਮ ਸਿੰਗਲਾ, ਨਰਿੰਦਰ ਸਿੰਗਲਾ, ਕੀਮਤ ਸਿੰਘ ਹਰਚੰਦਪੁਰਾ, ਰਣਾਜੀਤ ਸਿੰਘ ਮੰਡੌਲੀ, ਜ਼ਿਲ੍ਹੇ ਸਿੰਘ ਢਾਬੀ ਗੁੱਜਰਾਂ, ਮੰਗਤ ਸਿੰਘ ਘੱਗਾ, ਪੰਜਾਬ ਸਿੰਘ, ਪ੍ਰੇਮ ਗੁਪਤਾ, ਸੂਬਾ ਸਿੰਘ ਸਲੇਮਪੁਰ, ਮਹਿਲਾ ਕਾਂਗਰਸ ਦੀ ਪ੍ਰਧਾਨ ਕਰਮਜੀਤ ਕੌਰ ਸੇਖੋਂ, ਐਸ.ਡੀ.ਐਮ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਦਵਿੰਦਰ ਅੱਤਰੀ, ਪ੍ਰੋਬੇਸ਼ਨਰ ਡੀ.ਐਸ.ਪੀ ਸਿਮਰਨਜੀਤ ਸਿੰਘ ਲੰਗ, ਤਹਿਸੀਲਦਾਰ ਹਰਬੰਸ ਸਿੰਘ, ਬੀ.ਡੀ.ਪੀ.ਓ. ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ‘ਚ ਸਥਾਨਕ ਕੌਂਸਲਰ, ਕਾਂਗਰਸ ਆਗੂ ਅਤੇ ਵਰਕਰਾਂ ਸਮੇਤ ਸ਼ਹਿਰ ਵਾਸੀ ਤੇ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *