ਸਰਸ ਮੇਲੇ ਦੀਆਂ ਤਿਆਰੀਆਂ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ
ਸਰਸ ਮੇਲੇ ‘ਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ-ਸ਼ੌਕਤ ਅਹਿਮਦ ਪਰੇ
21 ਫਰਵਰੀ ਤੋਂ 4 ਮਾਰਚ ਤੱਕ ਸ਼ੀਸ਼ ਮਹਿਲ ‘ਚ ਲੱਗਣ ਵਾਲਾ ਸਰਸ ਮੇਲਾ ਹੋਵੇਗਾ ਖਿੱਚ ਦਾ ਕੇਂਦਰ
ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ) ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ 2018 ਤੱਕ ਲੱਗਣ ਜਾ ਰਹੇ ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੇਲੇ ਦੀਆਂ ਤਿਆਰੀਆਂ ਬਾਬਤ ਅੱਜ ਇਥੇ ਚੋਣਵੇਂ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਸ੍ਰੀ ਪਰੇ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕੀਤੀਆਂ ਗਈਆਂ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਅਤੇ ਮੇਲੇ ਦੇ ਪ੍ਰਚਾਰ ਅਤੇ ਇਸ ‘ਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਬਾਬਤ ਵਿਚਾਰਾਂ ਕੀਤੀਆਂ।
ਸ੍ਰੀ ਪਰੇ ਨੇ ਦੱਸਿਆ ਕਿ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ਇਸ ਸਰਸ ਮੇਲੇ ਦੇ ਪ੍ਰਚਾਰ ਲਈ ਫੇਸਬੁਕ ਪੇਜ ਅਤੇ ਦਰਸ਼ਕਾਂ ਦੀ ਖਿੱਚ ਲਈ ਪੰਜਾਬੀ ਪਹਿਰਾਵੇ ‘ਚ ਮਰਦ ਅਤੇ ਮਹਿਲਾ ਦਾ ਮੈਸਕਟ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ‘ਚ ਫਲੈਕਸਾਂ ਲਾਈਆਂ ਜਾਣਗੀਆਂ ਅਤੇ ਪਿੰਡਾਂ ‘ਚ ਵੀਡੀਓ ਰਥ ਭੇਜੇ ਜਾਣਗੇ ਜਿਸ ਰਾਹੀਂ ਪੈਂਫਲੇਟ ਤੇ ਪੋਸਟਰ ਪਰਚੇ ਵੰਡੇ ਜਾਣਗੇ। ਜਦੋਂਕਿ ਮੇਲੇ ਦੌਰਾਨ ਪਟਿਆਲਾ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ 3 ਐਲ.ਈ.ਡੀਜ ਲਾਈਆਂ ਜਾਣਗੀਆਂ ਅਤੇ ਵੱਡੇ ਗੁਬਾਰੇ ਲਾਏ ਜਾਣਗੇ, ਜਦੋਂਕਿ ਰੇਡੀਓ ਅਤੇ ਟੀ.ਵੀ. ਦੇ ਜਿੰਗਲ ਅਤੇ ਟਿੱਕਰ ਵੀ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ।
ਏ.ਡੀ.ਸੀ. (ਵਿਕਾਸ) ਨੇ ਦੱਸਿਆ ਕਿ ਇਸ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲ ਆਰਟੀਸਨਸ ਸੁਸਾਇਟੀ) ਮੇਲੇ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਸ਼ਿਲਪਕਾਰ ਅਤੇ ਕਲਾਕਾਰ ਪੁੱਜਣਗੇ, ਜਿਨ੍ਹਾਂ ਵੱਲੋਂ ਆਪਣੀ ਦਸਤਕਾਰੀ ਰਾਹੀਂ ਬਣਾਈਆਂ ਗਈਆ ਵਸਤਾਂ ਲੋਕਾਂ ਦੇ ਖਰੀਦਣ ਅਤੇ ਕਲਾਕਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਦਰਸ਼ਕਾਂ ਨੂੰ ਕੀਲਣ ਲਈ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਬਿਨ੍ਹਾਂ ਇਥੇ ਖਾਣ ਪੀਣ ਲਈ ਅਨੇਕ ਤਰ੍ਹਾਂ ਦੀਆਂ ਵਸਤਾਂ ਅਤੇ ਬੱਚਿਆਂ ਲਈ ਝੂਲੇ ਤੇ ਖਿਡੌਣੇ ਵੀ ਮੌਜੂਦ ਹੋਣਗੇ।
ਇਸ ਮੌਕੇ ਅਮਿਤ ਕੁਮਾਰ ਆਈ.ਏ.ਐਸ. (ਸਿਖਲਾਈ ਅਧੀਨ), ਗੀਤਿਕਾ ਸਿੰਘ ਲੈਂਡ ਐਕੁਜੀਸ਼ਨ ਅਫ਼ਸਰ ਲੋਕ ਨਿਰਮਾਣ ਤੇ ਬੀ.ਐਂਡ ਆਰ., ਇਸ਼ਮੀਤ ਕੌਰ ਈ.ਏ.ਸੀ. ਜਨਰਲ (ਸਿਖਲਾਈ ਅਧੀਨ), ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਐਕਸੀਐਨ ਇੰਜ. ਸੁਰਿੰਦਰ ਸਿੰਘ ਮਠਾੜੂ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ, ਰਜੇਸ਼ ਮਿੱਤਲ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।

