ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਸ: ਸੇਠੀ ਨੇ ਕਾਰਜਭਾਰ ਸੰਭਾਲਿਆ
ਸਕੂਲ ਦੀ ਉੱਨਤੀ ਤੇ ਤਰੱਕੀ ਲਈ ਦਿਨ-ਰਾਤ ਇਕ ਕਰ ਦਿਆਂਗਾ : ਪ੍ਰਿੰ: ਸ: ਸੇਠੀ
ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ‘ਚ ਅੱਜ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਸ: ਗੁਰਜੀਤ ਸਿੰਘ ਸੇਠੀ ਨੇ ਪ੍ਰਿੰਸੀਪਲ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਸਾਬਕਾ ਪ੍ਰਿੰਸੀਪਲ ਦਵਿੰਦਰ ਕੌਰ ਸੰਧੂ ਵੀ ਹਾਜ਼ਰ ਸਨ।
ਸ: ਛੀਨਾ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਕਿਹਾ ਕਿ ਖ਼ਾਲਸਾ ਗਵਰਨਿੰਗ ਕੌਂਸਲ ਇਕ ਅਜਿਹੀ ਮਾਣਮੱਤੀ ਸੰਸਥਾ ਹੈ, ਜੋ ਕਿਸੇ ਪਛਾਣ ਦੀ ਮੁਹਤਾਜ਼ ਨਹੀਂ, ਬਲਕਿ ਉਸਨੇ ਆਪਣੀ ਪਛਾਣ ਮਜ਼ਬੂਤ ਵਿੱਦਿਅਕ ਪ੍ਰਣਾਲੀ ਅਤੇ ਅਨੁਸ਼ਾਸ਼ਨ ਰਾਹੀਂ ਕਾਇਮ ਕੀਤੀ ਹੈ ਨਾ ਕਿ ਵਿੱਦਿਆ ਸਬੰਧੀ ਕਿਸੇ ਨਾਲ ਕੋਈ ਸਮਝੌਤਾ ਕੀਤਾ ਹੈ। ਇਸ ਲਈ ਵਿਦਿਆਰਥੀਆਂ ਨੂੰ ਦਾਖਲ ਕਰਨ ਤੋਂ ਪਹਿਲਾਂ ਉਸ ਦੇ ਲਿਖ਼ਤੀ ਟੈਸਟ ਦੇ ਨਾਲ-ਨਾਲ ਉਸਦੀ ਕਾਬਲੀਅਤ ਦੀ ਵੀ ਪਰਖ ਕੀਤੀ ਜਾਵੇ ਤਾਂ ਹੀ ਵਿੱਦਿਅਕ ਸੰਸਥਾਵਾਂ ਦਾ ਮਾਣ ਤੇ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਹੋ ਸਕਦਾ ਹੈ।
ਸ: ਛੀਨਾ ਨੇ ਕਿਹਾ ਕਿ ਸੇਠੀ ਜਿਨ੍ਹਾਂ ਦਾ ਕਿ ਵਿੱਦਿਅਕ ਖੇਤਰ ‘ਚ 14 ਸਾਲਾਂ ਦਾ ਤਜ਼ਰਬਾ ਹੈ, ਦੀ ਵਿੱਦਿਅਕ ਯੋਗਤਾ ਐਮ. ਏ. ਇੰਗਲਿਸ਼ ਅਤੇ ਬੀ.ਐਡ. ਹੈ ਅਤੇ ਉਹ ਕੇਂਦਰੀਆਂ ਵਿਦਿਆਲਿਆ ਅੰਮ੍ਰਿਤਸਰ ਅਤੇ ਜਲੰਧਰ ਵਿਖੇ ਪ੍ਰਿੰਸੀਪਲ ਦੇ ਅਹੁੱਦੇ ‘ਤੇ ਤਾਇਨਾਤ ਰਹੇ ਹਨ। ਉਹ 30 ਨਵੰਬਰ 2017 ਨੂੰ ਪ੍ਰਿੰਸੀਪਲ ਦੇ ਅਹੁੱਦੇ ਤੋਂ ਲੰਮੀ ਸੇਵਾ ਉਪ੍ਰੰਤ ਸੇਵਾਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨਾਂ ਨੇ ਸਾਲ 1979-1981 ਦੌਰਾਨ ਭੁਟਾਨ ਵਿਖੇ ਸ਼ੈਮਗੈਂਗ ਸੈਂਟਰ ਤੇ ਬਤੌਰ ਇਮਤਿਹਾਨ ਕੋ-ਆਰਡੀਨੇਟਰ ਦੀ ਅਸਾਮੀ ‘ਤੇ ਕੰਮ ਕੀਤਾ ਹੈ। ਇਸ ਤੋਂ ਬਆਦ ਤਿੱਬਤ ਦੇ ਗੁਰੂ ਦਲਾਈਲਾਮਾ ਦੇ ਸੱਦੇ ‘ਤੇ ਉਨ੍ਹਾਂ ਨੇ ਸਿੱਕਮ ਵਿਖੇ ਤਿਬਤੀ ਬੱਚਿਆਂ ਨੂੰ ਐਨਚੈਅ ਸਕੂਲ ਵਿਖੇ ਇਕ ਸਾਲ ਲਈ ਪੜਾਇਆ।
ਸਮਾਗਮ ਦੌਰਾਨ ਆਪਣੀ ਵਿਦਾਇਗੀ ਭਾਸ਼ਣ ‘ਚ ਪ੍ਰਿੰਸੀਪਲ ਡੀ. ਕੇ. ਸੰਧੂ ਨੇ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਦਿੱਤੀ ਗਈ ਹੱਲਾ-ਸ਼ੇਰੀ, ਉਚੇਚੇ ਤੌਰ ‘ਤੇ ਸ: ਛੀਨਾ ਦੁਆਰਾ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਕੁਝ ਹਾਸਲ ਹੋਇਆ ਇਸ ਮਾਣਮੱਤੀ ਵਿੱਦਿਅਕ ਸੰਸਥਾ ਦੇ ਸਦਕਾ ਪ੍ਰਾਪਤ ਕੀਤਾ ਹੈ ਤੇ ਅੱਜ ਇਸ ਨੂੰ ‘ਅਲਵਿਦਾ’ ਕਹਿਣ ‘ਤੇ ਦਿਲ ਮਾਯੂਸ ਹੋ ਰਿਹਾ ਹੈ। ਨਵਨਿਯੁਕਤ ਪ੍ਰਿੰਸੀਪਲ ਸ: ਸੇਠੀ ਨੇ ਸ: ਛੀਨਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਇਹ ਪਹਿਲਕਦਮੀ ਹੋਵੇਗੀ ਕਿ ਉਹ ਸਕੂਲ ਦੀ ਉੱਨਤੀ ਤੇ ਤਰੱਕੀ ਅਤੇ ਮੈਨੇਜ਼ਮੈਂਟ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਐਸ. ਪੀ. ਢਿੱਲੋਂ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਿੰ੍ਰਸੀਪਲ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪਿੰ੍ਰਸੀਪਲ ਗੁਰਿੰਦਰਜੀਤ ਕੌਰ ਆਦਿ ਮੌਜ਼ੂਦ ਸਨ।

