ਪੰਜਾਬਪਟਿਆਲਾ

ਕੈਪਟਨ ਸਰਕਾਰ ਗੈਂਗਸਟਰ ਬਣਾਉਣ ਵਾਲੇ ਸਿਆਸੀ ਚਿਹਰਿਆਂ ਨੂੰ ਬੇਨਕਾਬ ਕਰੇ : ਸਵਰਾਜ ਘੁੰਮਣ

ਗੈਂਗਸਟਰਾਂ ਦੀ ਘਰ ਵਾਪਸੀ ਮੁਹਿੰਮ ਸਰਕਾਰ ਦਾ ਸ਼ਲਾਘਾਯੋਗ ਕਦਮ
ਪਟਿਆਲਾ 8 ਫਰਵਰੀ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਸੂਬੇ ‘ਚ ਗੈਂਗਵਾਰ ਨਾਲ ਸਬੰਧਤ ਵਾਪਰ ਰਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਦੀ ਅਮਨ ਸ਼ਾਂਤੀ ਲਈ ਖ਼ਤਰਾ ਹਨ, ਜਿਸ ਦੇ ਜੜ੍ਹ ਤੋਂ ਖਾਤਮੇ ਲਈ ਕੈਪਟਨ ਸਰਕਾਰ ਨੂੰ ਸਖਤ ਕਾਨੂੰਨ ਲਿਆ ਕੇ ਕਾਰਵਾਈ ਕਰਨੀ ਚਾਹੀਦੀ ਹੈ।

ਸਵਰਾਜ ਘੁੰਮਣ ਨੇ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਨੇ ਸੱਤਾ ‘ਚ ਆਉਂਦਿਆਂ ਹੀ ਨਸ਼ੇ ਅਤੇ ਪੈਰ ਪਸਾਰੇ ਚੁੱਕੇ ਗੈਂਗਸਟਰਾਂ ਦੇ ਖਾਤਮੇ ਲਈ ਮੁਹਿੰਮ ਚਲਾਈ ਹੈ, ਪਰ ਫਿਰ ਵੀ ਸੂਬੇ ‘ਚ ਸਿਆਸੀ ਰਸੂਖ ਰੱਖਣ ਵਾਲੇ ਲੋਕਾਂ ਦੀ ਸ਼ਹਿ ਪ੍ਰਾਪਤ ਕਰਕੇ ਨੌਜਵਾਨ ਗੈਂਗਸਟਰ ਬਣ ਕੇ ਸੂਬੇ ਦਾ ਮਾਹੌਲ ਖਰਾਬ ਕਰਨ ‘ਚ ਲੱਗੇ ਹੋਏ ਹਨ, ਜਿਨ੍ਹਾਂ ਖਿਲਾਫ਼ ਸਖਤ ਕਾਨੂੰਨ ਤਹਿਤ ਕਾਰਵਾਈ ਸਮੇਂ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿੱਕੀ ਗੌਂਡਰ ਅਨਕਾਊਂਟਰ ਤੋਂ ਬਾਦ ਗੈਂਗਸਟਰ ਨੌਜਵਾਨਾਂ ਨੂੰ ਘਰ ਵਾਪਸੀ ਦੀ ਮੁਹਿੰਮ ਚੰਗਾ ਕਦਮ ਹੈ, ਪਰ ਗੈਂਗਸਟਰ ਰਵੀ ਦਿਓਲ ਵੱਲੋਂ ਆਤਮ ਸਮਰਪਣ ਕੀਤੇ ਜਾਣ ਤੋਂ ਬਾਦ ਗੈਂਗਸਟਰ ਪੈਦਾ ਕੀਤੇ ਜਾਣ ਲਈ ਸਿਆਸੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਨ੍ਹਾਂ ਖਿਲਾਫ਼ ਵੀ ਸਖਤ ਕਾਰਵਾਈ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਜਾਂਚਣ ਦੀ ਜ਼ਰੂਰਤ ਹੈ ਕਿ ਏਨਾ ਗੈਂਗਸਟਰਾਂ ਕੋਲ ਭਾਰੀ ਮਾਤਰਾ ‘ਚ ਅਸਲਾ ਕਿਥੋਂ ਆਉਂਦਾ ਹੈ ਅਤੇ ਉਹ ਕਿਹੜੇ ਸਿਆਸੀ ਲੋਕ ਹਨ ਜਿਹੜੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਲਾ ਬਣਾਉਣ ਸਮੇਂ ਕੀਤੀ ਜਾਂਦੀ ਸਿਫਾਰਸ਼ ਅਤੇ ਸਿਆਸੀ ਪਹੁੰਚ ਰੱਖਣ ਵਾਲਿਆਂ ਦੀ ਸ਼ਨਾਖਤ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਜੋ ਸਿਸਟਮ ਅੰਦਰ ਮਾਹੌਲ ਨੂੰ ਗੰਧਲਾ ਕਰ ਰਹੇ ਹਨ। ਸਵਰਾਜ ਘੁੰਮਣ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਅਜਿਹੇ ਸਿਆਸੀ ਚਿਹਰਿਆਂ ਨੂੰ ਬੇਨਕਾਬ ਕਰਨਾ ਚਾਹੀਦਾ, ਜੋ ਸੂਬੇ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਜ਼ਿੰਮੇਵਾਰ ਹਨ।

Leave a Reply

Your email address will not be published. Required fields are marked *