ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਗੱਲਬਾਤ ਬੇਸਿੱਟਾ
ਸੰਘਰਸ਼ ਹੋਰ ਤੇਜ ਕਰਨ ਦਾ ਐਲਾਨ-ਭਾਰਦਵਾਜ
ਪਟਿਆਲਾ 19 ਫਰਵਰੀ (ਮਧੂਸਾਰ ਬਿਊਰੋ) ਪਾਵਰ ਮੈਨੇਜਮੈਂਟ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਗੱਲਬਾਤ ਬੇਸਿੱਟਾ ਰਹੀ। ਪਾਵਰ ਮੈਨੇਜਮੈਂਟ ਨੇ ਬਠਿੰਡਾ ਥਰਮਲ ਪਲਾਟ ਅਤੇ ਰੋਪੜ ਥਰਮਲ ਪਲਾਂਟ ਦੇ ਬੰਦ ਕੀਤੇ 2 ਯੂਨਿਟ ਚਲਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਅਸਮਰਥਾ ਅਤੇ ਟਾਲਮਟੋਲ ਕਰਨ ਦੀ ਮੁਲਾਜਮ ਵਿਰੋਧੀ ਨੀਤੀ ਅਪਨਾਈ।
ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਇਸ ਨੀਤੀ ਵਿਰੁੱਧ ਸਖ਼ਤ ਰੋਸ ਪ੍ਰਗਟ ਕਰਦਿਆਂ ਮੀਟਿੰਗ ਵਿੱਚੋਂ ਵਾਕ ਆਊਟ ਕਰਕੇ ਹੈਡ ਆਫਿਸ ਦੇ ਗੇਟ ਤੇ ਨਾਅਰੇਬਾਜੀ ਕੀਤੀ। ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਸ੍ਰੀ ਐਸ.ਸੀ. ਅਰੋੜਾ ਡਾਇਰੈਕਟਰ ਵਿੱਤ, ਸ੍ਰੀ ਆਰ.ਪੀ. ਪਾਂਡਵ ਡਾਇਰੇਕਟਰ ਪ੍ਰਬੰਧਕੀ, ਇੰਜ: ਵੀ.ਕੇ. ਗਰਗ ਜਨਰਲ ਮੈਨੇਜਰ ਥਰਮਲ ਬਠਿੰਡਾ, ਸ੍ਰੀ ਬੀ.ਐਸ. ਗੁਰਮ ਉਪ ਸਕੱਤਰ ਆਈ.ਆਰ. ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ਼ ਧੀਮਾਨ, ਬ੍ਰਿਜ ਲਾਲ, ਗੁਰਸੇਵਕ ਸਿੰਘ, ਸੁਖਦੇਵ ਸਿੰਘ ਰੋਪੜ, ਰਛਪਾਲ ਸਿੰਘ ਸੰਧੂ, ਹਰਪਾਲ ਸਿੰਘ ਖੰਗੂੜਾ, ਵਿਜੇ ਕੁਮਾਰ, ਅਵਤਾਰ ਕੈਂਥ, ਪ੍ਰਕਾਸ਼ ਸਿੰਘ ਮਾਨ, ਰਣਬੀਰ ਸਿੰਘ, ਸੁਰਿੰਦਰ ਪਾਲ ਸ਼ਰਮਾ, ਅਮਰੀਕ ਸਿੰਘ ਨੂਰਪੁਰ, ਰਣਧੀਰ ਸਿੰਘ ਨਲੀਨਾ, ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਦਸੂਹਾ ਆਦਿ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਮੈਨੇਜਮੈਂਟ ਨੂੰ ਕਿਹਾ ਕਿ ਉਹ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ, ਲੇਬਰ ਕਮਿਸ਼ਨਰ ਦੀ ਹਾਜਰੀ ਵਿੱਚ ਮਿਤੀ 8-12-2017 ਨੂੰ ਜੋ ਫੈਸਲੇ ਹੋਏ ਸਨ, ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਜਿਵੇਂ ਪੇ-ਬੈਂਡ ਵਿੱਚ ਮਿਤੀ 1-12-2011 ਤੋਂ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ, ਵਰਕਚਾਰਜ ਅਤੇ ਕੰਟਰੈਕਟ ਕਾਮੇ ਪੱਕੇ ਕਰਨਾ, ਮ੍ਰਿਤਕਾ ਦੇ ਆਸ਼ਰਿਤਾਂ ਨੂੰ ਅਗੇਤ ਆਧਾਰ ਤੇ ਨੌਕਰੀ ਮਾਨਯੋਗ ਕੋਰਟਾਂ ਦੇ ਫੈਸਲੇ ਜਰਨਲਾਇਜ ਕਰਨਾ, ਹਜਾਰਾਂ ਖਾਲੀ ਅਸਾਮੀਆਂ ਵਿਰੁੱਧ ਨਵੀਂ ਭਰਤੀ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ। ਬਠਿੰਡਾ ਥਰਮਲ ਅਤੇ ਰੋਪੜ ਥਰਮਲ ਦੇ ਯੂਨਿਟਾਂ ਨੂੰ ਬੰਦ ਕਰਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਥਰਮਲਾਂ ਦੇ ਮੁੱਦੇ ਤੇ ਮੀਟਿੰਗ ਕਰਵਾਉਣ ਤੋਂ ਆਨਾਕਾਨੀ ਕਰ ਰਹੀ ਹੈ। ਇਨ੍ਹਾਂ ਆਗੂਆਂ ਨੇ ਮੀਟਿੰਗ ਵਿੱਚੋਂ ਵਾਕਆਊਟ ਕਰਕੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਬਿਜਲੀ ਕਾਮੇ ਜਨਤਾ ਦੇ ਦਰਬਾਰ ਵਿੱਚ ਜਾ ਕੇ ਮੈਨੇਜਮੈਂਟ ਤੇ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਦਾ ਪਰਦਾ ਫਾਸ ਕਰਨਗੇ। ਮਿਤੀ 19-2-2018 ਤੋਂ ਵਰਕ ਟੂ ਰੂਲ ਅਨੁਸਾਰ ਬਿਜਲੀ ਮੁਲਾਜਮ 8 ਘੰਟੇ ਦੀ ਡਿਊਟੀ ਨਿਭਾਉਣਗੇ, ਡਿਊਟੀ ਦੌਰਾਨ ਹੀ ਮੋਬਾਇਲ ਫੋਨ ਸੁਨਣਗੇ, ਇਕੱਲਾ ਟੈਕਨੀਕਲ ਕਰਮਚਾਰੀ ਬਿਜਲੀ ਸਬੰਧੀ ਸ਼ਿਕਾਇਤਾਂ ਅਤੇ ਸੰਚਾਰ ਲਾਈਨਾਂ ਨਾਲ ਸਬੰਧਤ ਕੰਮ ਨਹੀਂ ਕਰੇਗਾ, ਬਿਜਲੀ ਲਾਈਨਾਂ ਤੇ ਪਰਮਿਟ ਤੋਂ ਬਿਨਾਂ ਕੰਮ ਨਹੀਂ ਕਰੇਗਾ, ਜੇ.ਈ./ਏ.ਜੇ.ਈ. ਜਿਨ੍ਹਾਂ ਪਾਸ ਕੋਡ ਨੰਬਰ ਹੋਵੇਗਾ ਉਹ ਹੀ ਪਰਮਿਟ ਲੈਣਗੇ, ਦਫਤਰੀ ਅਮਲਾ ਛੁੱਟੀ ਵਾਲੇ ਦਿਨ ਕੰਮ ਨਹੀਂ ਕਰੇਗਾ, ਡਿਊਟੀ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਰਮਚਾਰੀ ਬਿਜਲੀ ਚੋਰੀ ਆਦਿ ਦੀ ਚੈਕਿੰਗ ਨਹੀਂ ਕਰਨਗੇ, ਮਿਤੀ 19-2-2018 ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਪਾਵਰਕਾਮ ਤੇ ਟਰਾਂਸਕੋ ਦੇ ਸੀ.ਐਮ.ਡੀ. ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਸੂਬਾ ਪੱਧਰ ਤੇ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਨਗੇ।

