ਸਮਾਜ ‘ਚ ਪਤਿਤਪੁਣੇ ਦੇ ਖਾਤਮੇ ਲਈ ਅਜੌਕੀ ਪੀੜ੍ਹੀ ‘ਸ਼ਬਦ ਗੁਰੂ’ ਦੀ ਧਾਰਨੀ ਬਣੇ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਨਾਭਾ 19 ਫਰਵਰੀ (ਮਧੂਸਾਰ ਬਿਊਰੋ) ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨਾਭਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਸਮਾਪਤੀ ਦੌਰਾਨ ਕੀਰਤਨੀ ਰਾਗੀ ਜੱਥਿਆਂ ਵੱਲੋਂ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਲਈ ਸ਼ਹੀਦੀ ਦਿਵਸ ਧਾਰਮਕ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਬਡੂੰਗਰ ਨੇ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ‘ਤੇ ਯਾਦ ਕਰਕੇ ਸਤਿਕਾਰ ਭੇਟ ਕਰਨਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਹੈ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਜੈਤੋ ਦਾ ਮੋਰਚਾ ਸਭ ਤੋਂ ਵੱਡਾ ਤੇ ਅਖੀਰਲਾ ਮੋਰਚਾ ਸੀ, ਜਿਸ ‘ਚ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੋਰਚੇ ਦੇ ਸ਼ਹੀਦਾਂ ਵੱਲੋਂ ਇਤਿਹਾਸ ਅਤੇ ਵਿਰਾਸਤ ਨੂੰ ਬਚਾਉਣ ਲਈ ਆਪਣਾ-ਆਪ ਪੰਥ ਦੀ ਲੇਖੇ ਲਾਇਆ ਗਿਆ, ਜਿਨ੍ਹਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਧਰਮ ‘ਚ ਦ੍ਰਿੜ ਰਹਿਣ ਦਾ ਮਾਰਗ ਦਰਸ਼ਨ ਕਰਦੀਆਂ ਹਨ।
ਉਨ੍ਹਾਂ ਸਮਾਜ ‘ਚ ਵੱਧ ਰਹੇ ਪਤਿਤਪੁਣੇ ਅਤੇ ਨਸ਼ੇ ਦੀ ਭੈੜੀ ਲਾਹਨਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਅਜੌਕੀ ਪੀੜ੍ਹੀ ਨੂੰ ‘ਸ਼ਬਦ ਗੁਰੂ’ ਦਾ ਧਾਰਨੀ ਬਣਨਾ ਹੋਵੇਗਾ, ਜਿਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਮਾਤਾ-ਪਿਤਾ ਨੂੰ ਬੱਚਿਆਂ ਪ੍ਰਤੀ ਅਹਿਮ ਫਰਜ਼ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਢ ਤੋਂ ਹੀ ਬੱਚਿਆਂ ਨੂੰ ਚੰਗੀ ਤਾਲੀਮ ਤੇ ਚੰਗੇ ਆਚਰਣ ਦੀ ਗੁੜ੍ਹਤੀ ਦਿੱਤੀ ਜਾਵੇ ਤਾਂ ਪੰਥ ਵਿਰੋਧੀ ਸ਼ਕਤੀਆਂ ਕਦੇ ਵੀ ਮਹਾਨ ਇਤਿਹਾਸ ਅਤੇ ਵਿਰਾਸਤ ਦਾ ਨੁਕਸਾਨ ਨਹੀਂ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਅਜੌਕੀ ਪੀੜ੍ਹੀ ਨੂੰ ਆਦਰਸ਼ਵਾਦੀ ਬਣਨਾ ਹੋਵੇਗਾ।
ਸ਼ਹੀਦੀ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਿਰੋਪਾਓ ਦੇ ਕੇ ਸਤਿਕਾਰ ਭੇਂਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਨਾਭਾ ਕਬੀਰ ਦਾਸ, ਬਲਤੇਜ ਸਿੰਘ ਖੋਖ, ਧਰਮ ਸਿੰਘ ਧਾਰੋਕੀ ਚੇਅਰਮੈਨ, ਹਰਪ੍ਰੀਤ ਕੌਰ ਚੇਅਰਮੈਨ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਗੁਰਦਿਆਲ ਇੰਦਰ ਸਿੰਘ ਬਿੱਲੂ ਚੇਅਰਮੈਨ, ਗੁਰਮੀਤ ਸਿੰਘ ਕੋਟ, ਸੁਖਵਿੰਦਰ ਸਿੰਘ ਗੁਦਾਈਆਂ, ਗਿਆਨੀ ਰਾਜਿੰਦਰਪਾਲ ਸਿੰਘ, ਮੈਨੇਜਰ ਹਰਮਿੰਦਰ ਸਿੰਘ , ਪੌਲਾ ਸਿੰਘ ਸਰਪੰਚ, ਰਾਮ ਦਿਆਲ ਸਿੰਘ ਵਰਮਾਣਾ, ਤੇਜਾ ਸਿੰਘ ਲੌਟ, ਸੁਖਵਿੰਦਰ ਸਿੰਘ ਬਾਬਰਪੁਰ ਆਦਿ ਹਾਜ਼ਰ ਸਨ।

