550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ
ਚੰਡੀਗੜ੍ਹ, 28 ਜਨਵਰੀ (ਮਧੂਸਾਰ ਬਿਊਰੋ) ਗੁਰੂ ਗੋਬਿੰਦ ਵਿਚ ਚੇਅਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਸਾਹਿਬ ਨਾਲ ਸੰਬੰਧਤ ਪੁਸਤਕਾਂ, ਖਰੜੇ, ਖੋਜ-ਪ੍ਰਬੰਧ ਆਦਿ ਪ੍ਰਦਰਸ਼ਤ ਕੀਤੇ ਗਏ ਹਨ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐੱਸ.ਘੁੰਮਣ ਨੇ ਕਿਹਾ ਕਿ ਕਿ ਅਜਿਹੀਆਂ ਪ੍ਰਦਰਸ਼ਨੀਆਂ ਦਾ ਖਾਸ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦੇ ਮਾਧਿਅਮ ਰਾਹੀਂ ਜਿੱਥੇ ਗਿਆਨ ਦਾ ਅਥਾਹ ਸੋਮਾ ਜਿੱਥੇ ਲੋਕਾਂ ਤਕ ਪਹੁੰਚਦਾ ਹੈ ਉੱਥੇ ਹੀ ਐਨੀਆਂ ਸਾਰੀਆਂ ਪੁਸਤਕਾਂ ਨੂੰ ਇਕੱਠੇ ਰੂਪ ਵਿਚ ਇਕ ਜਗ੍ਹਾ ਲਿਆਉਣ ਨਾਲ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਵਿਚ ਇਸ ਵਿਸ਼ੇ ਪ੍ਰਤੀ ਕੰਮ ਕਰਨ ਦੀ ਇਕ ਜਾਗ ਲਗਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਸੰਬੰਧੀ ਵਖ-ਵਖ ਵਿਭਾਗਾਂ ਅਤੇ ਹੋਰ ਸਭ ਲੋਕਾਂ ਤਕ ਸੁਨੇਹਾ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਵਧ ਤੋਂ ਵਧ ਲੋਕਾਂ ਤਕ ਗੁਰੂ ਸਾਹਿਬ ਨਾਲ ਸੰਬੰਧਤ ਗਿਆਨ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।
ਗੁਰੂ ਨਾਨਕ ਦੇਵ ਜੀ ਮਾਨਵਤਾਵਾਦੀ ਸੰਦੇਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਤਿੰਨ ਰੋਜਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਪੁਸਤਕਾਂ ਹਜਾਰਾਂ ਦੀ ਸੰਖਿਆ ਵਿਚ ਪੁਸਤਕਾਂ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ।ਡੀਨ, ਅਕਾਦਮੀ ਮਾਮਲੇ ਡਾ. ਜੀ.ਐੱਸ. ਬੱਤਰਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੂਰੇ ਹੋਣ ਦੇ ਮੌਕੇ ਤੇ ਵਿਭਾਗ ਵਲੋਂ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋ ਸਕਣ ਅਤੇ ਜੋ ਜਾਣੂ ਹਨ ਉਹ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਦ੍ਰਿੜ ਰਹਿਣ।
ਪ੍ਰਦਰਸ਼ਨੀ ਦੀ ਰੂਪ –ਰੇਖਾ ਬਾਰੇ ਦੱਸਦਿਆਂ ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀਆਂ ਦੇ ਮੁਖ ਉਦੇਸ਼ ਗਿਆਨ ਦੀ ਸਿਰਜਨਾ ਕਰਨਾ ਹੈ। ਇਸ ਕਾਰਜ ਲਈ ਪੂਰਵ ਗਿਆਨ ਤੋਂ ਸਬਕ ਗ੍ਰਹਿਣ ਕੀਤੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਵ ਤੋਂ ਸ਼ੁਰੂ ਹੋਈ ਅਕਾਦਮਿਕ ਖੋਜ ਦੇ 50 ਵਰ੍ਹਿਆਂ ਵਿਚ ਕਾਫੀ ਕਾਰਜ ਹੋਏ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਖੋਜ-ਕਾਰਜਾਂ ਤੋਂ ਇਲਾਵਾ ਯੂਨੀਵਰਸਿਟੀ ਅਤੇ ਵਿਭਾਗ ਦੀ ਕਿਤਾਬਸ਼ਾਲਾ ਵਿਚ ਉਪਲਬਧ ਸੰਪੂਰਨ ਸਾਹਿਤ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾ ਕੇਵਲ ਪੰਜਾਬੀ ਬਲਕਿ ਅੰਗਰੇਜੀ, ਹਿੰਦੀ ਅਤੇ ਉਰਦੂ ਵਿਚ ਲਿਖੀਆਂ ਪੁਸਤਕਾਂ, ਖੋਜ-ਪੱਤਰ ਅਤੇ ਪਾਂਡੂਲਿਪੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਪ੍ਰਦਰਸ਼ਨੀ ਵਿਚ ਹਰ ਰੋਜ ਗੁਰੂ ਨਾਨਕ ਬਾਣੀ ਦੇ ਵਿਸ਼ੇਸ਼ਗ ਵਿਦਵਾਨਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਾਉਣ ਦਾ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਹੈ। ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਖੇ ਹੋਏ ਅਨੁਭਵ ਨਾਲ ਸੰਬੰਧਤ ਦਸਤਾਵੇਜੀ ਫਿਲਮ ਮਿਤੀ 30 ਜਨਵਰੀ 2019 ਨੂੰ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਦਿਖਾਈ ਜਾਵੇਗੀ। ਇਹ ਫਿਲਮ ਵਿਭਾਗ ਦੁਆਰਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਮਹੀਨੇ ਸੋਸ਼ਲ ਇੰਜੀਨੀਅਰਿੰਗ ਆਫ ਗੁਰੂ ਨਾਨਕ ਦੇਵ ਜੀ ਅਤੇ ਅਪਲਾਇਡ ਫਿਲਾਸਫੀ ਆਫ ਗੁਰੂ ਨਾਨਕ ਦੇਵ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।
ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਵਿਚ ਵਿਭਾਗ ਦੇ ਅਧਿਆਪਕ ਡਾ. ਗੁਰਮੇਲ ਸਿੰਘ ਨੇ ਗੁਰੂ ਨਾਨਕ ਦੇਵ ਨਾਲ ਸੰਬੰਧਤ ਲਗਭਗ ਸਾਰੇ ਪੱਖਾਂ ਦੀ ਵਿਸਥਾਰ ਨਾਲ ਚਰਚਾ ਕੀਤੀ। ਵਿਭਾਗ ਦੇ ਡਾ. ਮੁਹੰਮਦ ਹਬੀਬ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕੀਤਾ।
ਕਿਸੇ ਮਹਾਂਪੁਰਸ਼ ਦੇ ਜੀਵਨ ਦੀ ਪੂਰੀ ਤਸਵੀਰ ਨੂੰ ਦਿਲ ਵਿਚ ਉਤਾਰਨ ਲਈ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਉਤੇ ਲਿਖੀਆਂ ਗਈਆਂ ਰਚਨਾਵਾਂ ਨੂੰ ਪੜ੍ਹਨਾ ਜਰੂਰੀ ਹੈ। ਕਈ ਸਦੀਆਂ ਦੇ ਲੰਘਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਵਰਗੇ ਮਹਾਂਪੁਰਸ਼ ਪ੍ਰਗਟ ਹੁੰਦੇ ਹਨ। ਮਾਨਵਤਾ ਨੂੰ ਇਕ ਅਹਿਮ ਸ਼ਿਖਰ ਤੱਕ ਲਿਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਏ ਨੂੰ 550 ਸਾਲ ਪੂਰੇ ਹੋ ਗਏ ਹਨ। ਅੱਜ ਜਦ ਇਕ ਵਾਰ ਫੇਰ ਪੂਰੀ ਮਾਨਵਤਾ ਬਿਖਰਦੀ ਜਾ ਰਹੀ ਹੈ ਅਜਿਹੇ ਸਮੇਂ ਤੇ ਸੰਤ ਗੁਰੂ ਨਾਨਕ ਦੇਵ ਜੀ ਨੂੰ ਇਕ ਦਿਲ ਡੂੰਘਾਈ ਤੋਂ ਯਾਦ ਕਰਨ ਦੀ ਜਰੂਰਤ ਪੈ ਗਈ ਹੈ।

