ਪੁਸਤਕ ”ਧਰਮ: ਆਧੁਨਿਕ ਅਤੇ ਉਤਰਆਧੁਨਿਕ ਸਿਧਾਂਤ” ਦਾ ਨਵਾਂ ਐਡੀਸ਼ਨ ਰਿਲੀਜ਼
ਪਟਿਆਲਾ 19 ਫਰਵਰੀ (ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਅਤੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਰਚਿਤ ਪੁਸਤਕ ”ਧਰਮ: ਆਧੁਨਿਕ ਅਤੇ ਉਤਰਆਧੁਨਿਕ ਸਿਧਾਂਤ” ਦੀ ਨਵੀਂ ਐਡੀਸ਼ਨ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਇਕ ਗੈਰ-ਰਸਮੀ ਸਮਾਗਮ ਵਿਚ ਰਿਲੀਜ਼ ਕੀਤੀ ਗਈ।
ਇਸ ਮੌਕੇ ‘ਤੇ ਪੁਸਤਕ ਦੇ ਲੇਖਕ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੀਆਂ ਦੋ ਸਦੀਆਂ ਤੋਂ ਧਰਮ ਦੇ ਅਧਿਐਨ ਵਿਚ ਵਰਤੀਆਂ ਗਈਆਂ ਵੱਖ-ਵੱਖ ਅਧਿਐਨ ਵਿਧੀਆਂ ਜਿਵੇਂ: ਕਰਮ ਵਿਕਾਸਵਾਦੀ ਸਿਧਾਂਤ, ਸਰੰਚਨਾ ਵਾਦੀ ਸਿਧਾਂਤ, ਧਰਮ ਦਾ ਵਿਆਖਿਆ ਸ਼ਾਸਤਰ ਤੋਂ ਇਲਾਵਾ ਅਜੋਕੇ ਉਤਰਆਧੁਨਿਕ ਸਿਧਾਂਤਾਂ ਬਾਰੇ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਉਣ ਲਈ ਇਹ ਪੁਸਤਕ ਤਿਆਰ ਕੀਤੀ ਗਈ ਹੈ। ਇਸ ਪੁਸਤਕ ਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕਾਫੀ ਸਰਾਹਣਾ ਕੀਤੀ ਗਈ ਹੈ।
ਧਰਮ ਨੂੰ ਸਮਝਣ ਤੇ ਲਈ ਆਧੁਨਿਕ ਸਿਧਾਂਤ ਧਰਮ ਦੇ ਨਿਜੀਕਰਨ, ਧਰਮ ਦੇ ਪਤਨ ਅਤੇ ਧਰਮ ਨਿਰਪੇਖੀਕਰਨ ਦੀ ਗੱਲ ਕਰਦੇ ਸਨ, ਪ੍ਰੰਤੂ ਅਜੋਕੇ ਸਮੇਂ ਵਿਚ ਧਰਮ ਮੁੜ ਸੁਰਜੀਤ ਹੋ ਰਿਹਾ ਹੈ। ਵਿਸ਼ਵੀਕਰਨ ਅਤੇ ਉਤਰਆਧੁਨਿਕ ਦੌਰ ਵਿਚ ਧਰਮ ਦੀ ਅਹਿਮੀਅਤ ਅਤੇ ਧਰਮ ਦੀ ਮੌਲਿਕਤਾ ਨੁੰ ਪਛਾਨਣ ਦੇ ਲਈ ਧਰਮ ਨੂੰ ਮੁੜ ਤੋਂ ਸਮਝਣ ਦੇ ਲਈ ਮੁੜ ਤੋਂ ਨਵੀਆਂ ਦ੍ਰਿਸ਼ਟੀਆਂ ਹੋਂਦ ਵਿਚ ਆ ਰਹੀਆਂ ਹਨ। ਇਸ ਪੁਸਤਕ ਵਿਚ ਅਜਿਹੀਆਂ ਦ੍ਰਿਸ਼ਟੀਆਂ ਦੀ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ।
ਸਮਾਗਮ ਦਾ ਵਿਸ਼ੇਸ਼ ਪੱਖ ਇਹ ਸੀ ਕਿ ਇਹ ਪੁਸਤਕ ਗੁਰੂ ਗੋਬਿੰਦ ਸਿੰਘ ਧਰਮ ਦੇ ਵਿਦਿਆਰਥੀਆਂ ਵਲੋਂ ਰਿਲੀਜ਼ ਕੀਤੀ ਗਈ ਹੈ। ਇਸ ਮੌਕੇ ‘ਤੇ ਪ੍ਰੋ. ਗੁਰਮੀਤ ਸਿੰਘ ਸਿੱਧੂ ਦੇ ਅਧਿਆਪਕ ਪ੍ਰੋ. ਮਨਿੰਦਰ ਸਿੰਘ ਰੰਧਾਵਾ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਡਾ. ਮੁਹੰਮਦ ਹਬੀਬ, ਡਾ. ਅਰਵਿੰਦ ਰਿਤੁਰਾਜ ਵੀ ਹਾਜ਼ਰ ਸਨ। ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਪ੍ਰੋ. ਗੁਰਮੀਤ ਸਿੰਘ ਸਿੱਧੂ ਨੂੰ ਪੁਸਤਕ ਦੀ ਪ੍ਰਕਾਸ਼ਨਾ ਤੇ ਵਧਾਈ ਦਿੱਤੀ।

