ਸਿਹਤ ਕੇਂਦਰ ਕੌਲੀ ਵੱਲੋਂ 20,317 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਦਵਾਈ ਦੀਆਂ ਬੂੰਦਾਂ
ਮੁਹਿੰਮ ਦੌਰਾਨ ਫੀਲਡ ਕਰਮਚਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ-ਡਾ: ਰੰਜ਼ਨਾ ਸ਼ਰਮਾ
ਪਟਿਆਲਾ/ਬਹਾਦਰਗੜ੍ਹ, 18 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਮੁੱਢਲਾ ਸਿਹਤ ਕੇਂਦਰ ਕੌਲੀ ਦੇ ਐਸ.ਐਮ.ਓ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ਵਿੱਚ 18 ਤੋਂ 20 ਸਤੰਬਰ 2022 ਤੱਕ ਚਲਾਈ ਜਾ ਰਹੀ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 20,317 ਬੱਚਿਆਂ ਨੂੰ ਕਵਰ ਕਰਨ ਦੇ ਲਈ ਅਧੀਨ ਆਉਂਦੇ ਏਰੀਏ ਵਿੱਚ 94 ਥਾਵਾਂ ਤੇ ਬੂਥ, 2 ਟਰਾਂਜਿਟ ਪੁਆਇੰਟ ਅਤੇ 1 ਮੋਬਾਈਲ ਟੀਮ ਵੱਲੋਂ 0-5 ਸਾਲ ਤੱਕ ਤੱਕ ਦੇ 12, 598 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਐਸ.ਐਮ.ਓ ਡਾ: ਰੰਜ਼ਨਾ ਸ਼ਰਮਾ ਤੇ ਮੈਡੀਕਲ ਅਫਸਰ ਡਾ: ਮੁਹੰਮਦ ਸਾਜਿਦ ਵੱਲੋਂ ਅੱਜ ਪਿੰਡ ਬੀੜ ਕੌਲੀ ਬੱਸ ਅੱਡਾ ਟਰਾਂਜਿਟ ਪੁਆਇੰਟ ਤੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਅ ਕੇ ਮੁਹਿੰਮ ਦੀ ਸ਼ੁਰੂਆਤ ਕਰਕੇ ਕਮਾਂਡੋ ਕੰਪਲੈਕਸ ਟਰਾਂਜਿਟ ਪੁਆਇੰਟ, ਪਿੰਡ ਦੌਣ ਕਲਾਂ, ਸਬ-ਸੈਂਟਰ ਬਹਾਦਰਗੜ ’ਤੇ ਲਗਾਏ ਬੂਥਾਂ ਉਤੇ ਜਾ ਕੇ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। 19 ਅਤੇ 20 ਸਤੰਬਰ ਨੂੰ ਪੋਲੀਓ ਬੂੰਦਾ ਪੀਣ ਤੋਂ ਰਹਿੰਦੇ ਬੱਚਿਆਂ ਨੂੰ ਟੀਮਾਂ ਵੱਲੋਂ ਘਰ-ਘਰ ਜਾ ਕੇ ਕਵਰ ਕੀਤਾ ਜਾਵੇਗਾ, ਜਦਕਿ 1 ਮੋਬਾਇਲ ਟੀਮ ਝੁੱਗੀਆਂ-ਝੋਂਪੜੀਆਂ, ਭੱਠਿਆਂ, ਪਥੇਰਾਂ, ਉਦਯੋਗਿਕ ਏਰੀਆ, ਨਵੀ ਉਸਾਰੀ ਅਧੀਨ ਇਮਾਰਤਾਂ ’ਤੇ ਕੰਮ ਕਰਦੀ ਲੇਬਰ ਦੇ ਬੱਚਿਆਂ ਨੂੰ ਕਵਰ ਕਰੇਗੀ। ਟੀਮਾਂ ਵੱਲੋਂ ਕੀਤੇ ਕੰਮਾਂ ਦੀ ਨਿਗਰਾਨੀ ਕਰਨ ਦੇ ਲਈ ਕੁੱਲ 19 ਸੁਪਰਵਾਈਜਰ ਲਗਾਏ ਗਏ ਹਨ। ਇਸ ਮੌਕੇ ਸਿਹਤ ਕੇਂਦਰ ਕੌਲੀ ਤੋਂ ਐਲ.ਐਚ.ਵੀ ਪੂਨਮ ਵਾਲੀਆ, ਮਿੰਨੀ ਪੀ.ਐਚ.ਸੀ ਹਸਨਪੁਰ ਤੋਂ ਪਰਮਜੀਤ ਕੌਰ, ਕੱਲਰਭੈਣੀ ਤੋਂ ਸਿੰਮੀ ਰਾਣੀ, ਕਲਿਆਣ ਤੋਂ ਮਲਕੀਤ ਕੌਰ ਤੇ ਗੱਜੂਮਾਜਰਾ ਤੋਂ ਐਸ.ਆਈ ਜ਼ੋਰਾ ਸਿੰਘ ਵੱਲੋਂ ਆਪਣੇ-ਆਪਣੇ ਕੋਲਡ ਚੇਨ ਪੁਆਇੰਟਾਂ ਤੋਂ ਫੀਲਡ ਵਰਕਰਾਂ ਨੂੰ ਪੋਲੀਓ ਵੈਕਸੀਨ ਜਾਰੀ ਕੀਤੀ ਗਈ।

