ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਸ਼ੈਕਸਪੀਅਰ ਮੇਲੇ ਦਾ ਆਯੋਜਨ
ਪਟਿਆਲਾ 28 ਫਰਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਸਭਿਆਚਾਰ ਅਧਿਐਨ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ ਸ਼ੈਕਸਪੀਅਰ ਮੇਲੇ ਦਾ ਆਯੋਜਨ ਕੀਤਾ ਗਿਆ।
ਮੇਲੇ ਦੌਰਾਨ ਵਿਦਿਆਰਥੀਆਂ ਨੇ ਸ਼ੈਕਸਪੀਅਰ ਦੇ ਸੁਪ੍ਰਸਿੱਧ ਨਾਟਕਾਂ ਵਿੱਚੋਂ ਮਹੱਤਵਪੂਰਨ ਦ੍ਰਿਸ਼ ਪੇਸ਼ ਕੀਤੇ। ਇਸ ਮੇਲੇ ਦਾ ਮੁੱਖ ਮੰਤਵ ਜਿੱਥੇ ਵਿਦਿਆਰਥੀਆਂ ਅੰਦਰ ਖੋਜੀ ਬਿਰਤੀ ਅਤੇ ਸਿਰਜਨਾਤਮਕ ਸੋਚਣੀ ਦਾ ਵਿਕਾਸ ਕਰਨਾ ਸੀ, ਉੱਥੇ ਉਨ੍ਹਾਂ ਨੂੰ ਸ਼ੈਕਸਪੀਅਰ ਦੇ ਨਾਟਕਾਂ ਦੇ ਵਿਹਾਰਕ ਪਹਿਲੂਆਂ ਨੂੰ ਸਮਝਾਉਣ ਦੇ ਨਾਲ ਨਾਲ ਉਨ੍ਹਾਂ ਦਾ ਮਨੋਰੰਜਨ ਕਰਨਾ ਵੀ ਸੀ। ਇਸ ਵਿੱਚ ਸ਼ੈਕਸਪੀਅਰ ਦਾ ਨਾਟਕ ਮੈਕਬੈਥ ਬਾਰੇ, ਸ਼ੈਕਸਪੀਅਰ ਦੇ ਨਾਟਕਾਂ ਦੇ ਮਹੱਤਵਪੂਰਨ ਪਾਤਰਾਂ ਬਾਰੇ ਵਿਚਾਰ ਚਰਚਾ, ਭਾਸ਼ਣ, ਪੋਸਟਰ ਮੇਕਿੰਗ ਤੇ ਸਰੋਦੀ ਕਵਿਤਾ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਮੇਲੇ ਦੌਰਾਨ ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਤੇਜਿੰਦਰ ਕੌਰ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਡਾ. ਸਵਰਾਜ ਰਾਜ ਅਤੇ ਸ੍ਰੀ ਅਸ਼ੋਕ ਸੂਦ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੱਜ ਦੀ ਭੂਮਿਕਾ ਨਿਭਾਈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਰੰਗ ਮੰਚ ‘ਤੇ ਪਾਤਰਾਂ ਦੀ ਭੂਮਿਕਾ ਇੰਨੀ ਸ਼ਲਾਘਾਯੋਗ ਸੀ ਕਿ ਸਾਨੂੰ ਇਸ ਤਰ੍ਹਾਂ ਲਗ ਰਿਹਾ ਸੀ ਕਿ ਜਿਵੇਂ ਅਸੀਂ ਸ਼ੈਕਸਪੀਅਰ ਦੇ ਯੁੱਗ ਵਿਚ ਜੀਅ ਰਹੇ ਹੋਈਏ। ਉਹਨਾਂ ਨੇ ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਕਿ ਇਹਨਾਂ ਨਾਟਕਾਂ ਵਿਚ ਭਾਗ ਲੈਣ ਵਾਲੇ ਕਿਰਦਾਰ ਸਿਰਫ ਅੰਗਰੇਜ਼ੀ ਵਿਭਾਗ ਦੇ ਹੀ ਨਹੀਂ ਸਗੋਂ ਕਾਲਜ ਦੀਆਂ ਸਾਰੀਆਂ ਫੈਕਲਟੀਆਂ ਦੇ ਵਿਦਿਆਰਥੀ ਇਕ ਰੰਗਮੰਚ ‘ਤੇ ਇਕੱਠੇ ਹੋਏ ਹਨ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਸਾਨੀ ਨਾਲ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਨੂੰ ਸਮਝਣ ਦੇ ਯੋਗ ਬਣਾਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਪਾਠਕ੍ਰਮ ਵਿੱਚੋਂ ਬਾਹਰ ਆਉਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਵਿੱਦਿਅਕ ਢਾਂਚੇ ਵਿੱਚ ਲਗਾਇਆ ਗਿਆ ਪਾਠਕ੍ਰਮ ਵਿਦਿਆਰਥੀਆਂ ਨੂੰ ਨਵੇਂ ਸੰਸਾਰ ਨਾਲ ਜੋੜਨ ਲਈ ਕਾਫ਼ੀ ਨਹੀਂ ਸੋ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਪਾਠਕ੍ਰਮ ਤੋਂ ਕੱਢ ਕੇ ਵਿਸ਼ਾਲ ਸੰਸਾਰ ਨਾਲ ਜੋੜਨ ਅਤੇ ਸਮਝਣ ਦੇ ਅਵਸਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਅੰਦਰ ਸਿਰਜਨਾਤਮਕ ਸੋਚਣ ਸ਼ਕਤੀ ਦਾ ਵਿਕਾਸ ਵੀ ਕਰ ਸਕਦੇ ਹਨ।
ਵਿਭਾਗ ਦੇ ਮੁਖੀ ਡਾ. ਦੀਪਇੰਦਰਜੀਤ ਰੰਧਾਵਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਜਿੱਥੇ ਇੱਕ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੁੰਦੇ ਹਨ ਉੱਥੇ ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਵੀ ਸਾਹਮਣੇ ਲਿਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਹਮੇਸ਼ਾ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਲਈ ਸਖ਼ਤ ਮਿਹਨਤ ਕਰਦਾ ਰਹਿੰਦਾ ਹੈ ਅਤੇ ਅੱਗੇ ਤੋਂ ਵੀ ਅਜਿਹੇ ਯਤਨ ਕਰਨ ਲਈ ਉਪਰਾਲੇ ਕਰਦਾ ਰਹੇਗਾ।
ਇਸ ਮੌਕੇ ਐਮ.ਏ. ਅੰਗ੍ਰੇਜ਼ੀ ਭਾਗ ਦੂਜਾ ਦੀ ਵਿਦਿਆਰਥਣ ਸਵਲੀਨ ਕੌਰ ਨੂੰ ਰਾਸ਼ਟਰੀ ਭਾਸ਼ਣ ਕਲਾ ਮੁਕਾਬਲੇ ਵਿਚ ਪਹਿਲੇ ਸਥਾਨ ਹਾਸਲ ਕਰਨ ‘ਤੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਨਾਟਕਾਂ ਦੇ ਬੇਹਤਰੀਨ ਕਲਾਕਾਰਾਂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਕਾਲਜ ਦੇ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

