ਵਿਰਾਸਤੀ ਕਿਲਾ ਮੁਬਾਰਕ ਵਿਖੇ ‘ਪੰਜਾਬ ਪਨੋਰਮਾ’ ‘ਚ ਸ਼ਾਸਤਰੀ ਸੰਗੀਤ ਦੀ ਸ਼ਾਮ
-ਡੱਫ਼, ਤੁੰਬਾਕ, ਸੰਤੂਰ, ਇਸਰਾਜ, ਤਬਲਾ ਤੇ ਰਬਾਬ ਦੀ ਦਿਲਕਸ਼ ਪੇਸ਼ਕਾਰੀ
-ਕੈਨੇਡਾ ਦੇ ਕੌਂਸੁਲ ਜਨਰਲ, ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਜੀ. ਰਾਏ ਤੇ ਹੋਰ ਸ਼ਾਮਲ ਹੋਏ
ਪਟਿਆਲਾ, 5 ਮਾਰਚ (ਮਧੂਸਾਰ ਬਿਊਰੋ ) ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਤੇ ਅਵਾਰਡ ਜੇਤੂ ਫ਼ਿਲਮਸਾਜ ਸਾਰ੍ਹਾ ਸਿੰਘ ਵੱਲੋਂ ਕਰਵਾਏ ਗਏ ਪਹਿਲੇ ਦੋ ਰੋਜਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ ਦੀ ਆਖਰੀ ਸ਼ਾਮ ਇਥੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਕਲਾਕਾਰਾਂ ਵੱਲੋਂ ਡੱਫ਼, ਤੁੰਬਾਕ, ਇਸਰਾਜ, ਸੰਤੂਰ, ਤਬਲਾ ਤੇ ਰਬਾਬ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ।
ਸ਼ਾਸਤਰੀ ਸੰਗੀਤ ਦੀ ਇਸ ਟੀਮ ‘ਚ ਤੱਬਲੇ ‘ਤੇ ਮੋਹਿਤ ਲਾਲ, ਸੰਤੂਰ ‘ਤੇ ਜਰਮਨੀ ਦੀ ਪੀਟਰਾ ਰੇਹਵਾਦ, ਇਸਰਾਜ ‘ਤੇ ਅਰਸ਼ਦ ਖ਼ਾਨ, ਰਬਾਬ ‘ਤੇ ਵਿਲੀਅਮ ਰੀਸ, ਡੱਫ਼ ਤੇ ਤੁੰਬਾਕ ‘ਤੇ ਫ਼ਖ਼ਰ-ਉਦ-ਦੀਨ ਗਫ਼ਾਰੀ ਨੇ ਰਾਗ ਪ੍ਰੀਆ ਕਲਿਆਣ ਤੋਂ ਸ਼ੁਰੂ ਕਰਕੇ ਇਸ ਸ਼ਾਮ ਨੂੰ ਯਾਦਗਾਰੀ ਬਣਾਇਆ। ਇਸ ਤੋਂ ਬਾਅਦ ਪੰਜਾਬ ਦੇ ਸੰਗੀਤ ਦੀ ਵੰਨਗੀ ‘ਹੀਰ ਆਖਦੀ ਜੋਗੀਆ ਝੂਠ ਬੋਲੇਂ’, ਰਾਗ ਮਧੂਵੰਤੀ ਸਮੇਤ ਇਰਾਨ ਤੋਂ ਭਾਰਤ ਆਏ ਸੰਗੀਤ ਦੀਆਂ ਵੰਨਗੀਆਂ ਸੁਣਾਈਆਂ। ਅਫ਼ਾਗਾਨਿਸਤਾਨ ਤੇ ਇਰਾਨ ਦੇ ਸੰਗੀਤ ਦੀਆਂ ਧੁੰਨਾਂ, ਤਬਲੇ ਤੇ ਤੁੰਬਕ ਸਮੇਤ ਰਬਾਬ ਤੇ ਤੁੰਬਕ ਦੀ ਜੁਗਲਬੰਦੀ, ਅਫ਼ਗਾਨੀ ਸੰਗੀਤ ‘ਚ ਡੱਫ਼ ‘ਤੇ ‘ਫ਼ਲਾਇਟ ਆਫ਼ ਈਗਲ’, ਸ਼ੇਖ਼ ਅਹਿਮਦ ਜਾਨ, ਮੁਲ੍ਹਾ ਮੁਹੰਮਦ ਜਾਨ, ਰੇਖ਼ਾਬ ਭੈਰਵੀ ਤੇ ਪਾਰੇਸ਼ੀ ਜਾਲ ਵੀ ਸੁਣਾਇਆ।
ਇਸ ਮੌਕੇ ਕੈਨੇਡਾ ਦੇ ਕੌਂਸਲ ਜਨਰਲ ਮਿਸਟਰ ਕ੍ਰਿਸਟੋਫ਼ਰ ਗਿਬਨਸ ਸਮੇਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਭਾਰਤੀ ਆਰਕੀਟੈਕਚਰ ਸੰਗ੍ਰਿਹਕ ਤੇ ਚਿੰਤਕ ਗੁਰਮੀਤ ਰਾਏ, ਆਈ ਜੀ ਪਟਿਆਲਾ ਸ. ਏ.ਐਸ. ਰਾਏ, ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਸਾਰ੍ਹਾ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਕੇਸਰ ਸਿੰਘ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ ਤੇ ਕਲਾ ਪ੍ਰੇਮੀ ਮੌਜੂਦ ਸਨ।

