ਪ੍ਰੋ. ਬਡੂੰਗਰ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਦਿੱਤੀ ਮੁਬਾਰਕਬਾਦ
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਖਿਡਾਰਨ ਨਵਜੋਤ ਕੌਰ ਦਾ ਸਨਮਾਨ ਕਰੇ : ਪ੍ਰੋ. ਬਡੂੰਗਰ
ਪਟਿਆਲਾ 5 ਮਾਰਚ (ਮਧੂਸਾਰ ਬਿਊਰੋ) ਕਿਰਗਿਸਤਾਨ ਵਿਖੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤੀ ਪਹਿਲਵਾਨ ਨਵਜੋਤ ਕੌਰ ਵੱਲੋਂ ਸੋਨ ਤਮਗਾ ਜਿੱਤਣ ਵਾਲੀ ਅਤੇ ਭਾਰਤ, ਪੰਜਾਬ ਅਤੇ ਜ਼ਿਲ੍ਹੇ ਭਰ ‘ਚੋਂ ਨਾਮ ਰੌਸ਼ਨ ਕਰਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਨਵਜੋਤ ਕੌਰ ਨੂੰ ਮੁਬਾਰਕਬਾਦ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਕੌਰ ਵੱਲੋਂ ਦੂਸਰੀ ਧਰਤੀ ‘ਤੇ ਜਾ ਕੇ ਜਾਪਾਨ ਦੀ ਖਿਡਾਰਨ ਨੂੰ ਹਰਾਉਣਾ ਅਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਸੋਨ ਤਮਗਾ ਪ੍ਰਾਪਤ ਕਰਨ ਨਾਲ ਮਾਣ ਪ੍ਰਾਪਤ ਹੋ ਰਿਹਾ ਹੈ। ਪ੍ਰੋ. ਬਡੂੰਗਰ ਨੇ ਨਵਜੋਤ ਕੌਰ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਹੈ, ਜਿਨ੍ਹਾਂ ਦੀ ਚੰਗੀ ਪ੍ਰੇਰਨਾ ਸਦਕਾ ਉਸ ਨੇ ਖੇਡ ਖੇਤਰ ਵਿਚ ਸਾਰਿਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀ ਧੀ ਨਵਜੋਤ ਕੌਰ ਵੱਲੋਂ ਵਿਦੇਸ਼ੀ ਧਰਤੀ ‘ਤੇ ਸ਼ਾਨਦਾਰ ਹਾਸਲ ਕਰਕੇ ਜਿਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਥੇ ਸਿੱਖ ਕੌਮ ਵੀ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੈਪਟਨ ਸਰਕਾਰ ਵੱਲੋਂ ਮਾਣ ਸਤਿਕਾਰ ਦਿੰਦਿਆਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ ਐਸ ਪੀ ਲਗਾਇਆ ਗਿਆ ਹੈ, ਉਸੇ ਤਰਜ਼ ‘ਤੇ ਕੁਸ਼ਤੀ ਖਿਡਾਰਨ ਨਵਜੋਤ ਕੌਰ ਨੂੰ ਵੀ ਡੀਐਸਪੀ ਲਗਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਵੇਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਪੰਜਾਬ ਅਤੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰਨ ਦਾ ਵਿਸ਼ੇਸ਼ ਸਨਮਾਨ ਕਰੇ।

