ਪੀ.ਆਰ.ਟੀ.ਸੀ. ਟਰੇਨਿੰਗ ਸਕੂਲ ਵਿਖੇ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ
ਪਟਿਆਲਾ, 6 ਮਾਰਚ (ਮਧੂਸਾਰ ਬਿਊਰੋ) ਦੇਸ ਅੰਦਰ ਮਨਾਏ ਜਾ ਰਹੇ ਸੁਰੱਖਿਆ ਸਪਤਾਹ ਦੇ ਸਬੰਧ ਵਿੱਚ ਟਰੇਨਿੰਗ ਸਕੂਲ ਪੀ.ਆਰ.ਟੀ.ਸੀ. ਪਟਿਆਲਾ ਵਿਖੇ ਸੁਰੱਖਿਆ ਸਬੰਧੀ ਇੱਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਐਮ.ਡੀ ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਡਰਾਈਵਰਾਂ, ਕੰਡਕਟਰਾਂ ਅਤੇ ਦੂਸਰੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੜਕਾਂ ਉਪਰ ਚੱਲਦੇ ਸਮੇਂ ਸਾਨੂੰ ਸਵਾਰੀਆਂ ਦੀ ਸੁਰੱਖਿਆ, ਸਨਮਾਨ, ਅਨੁਸ਼ਾਸਨ ਅਤੇ ਸਹੂਲਤਾਂ ਨੂੰ ਮੁੱਖ ਰਖਦੇ ਹੋਏ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਸੜਕਾਂ ਉਪਰ ਹੁੰਦੇ ਹਾਦਸਿਆਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਸਿੱਖਿਅਕ ਕਰਮਚਾਰੀ ਦੂਸਰਿਆਂ ਦੀ ਜ਼ਿੰਦਗੀ ਅਤੇ ਰਾਸ਼ਟਰੀ ਸੰਪਤੀ ਨੂੰ ਬਚਾਉਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ, ਕਿਉਂਕਿ ਹਾਦਸੇ ਸਮੇਂ ਪਹਿਲੇ 5 ਤੋਂ 7 ਮਿੰਟ ਵਿੱਚ ਕੀਤੀ ਸਹੀ ਕਾਰਵਾਈ ਹਾਦਸਿਆਂ ਦੇ ਨੁਕਸਾਨ ਨੂੰ ਰੋਕ ਸਕਦੀ ਹੈ ਅਤੇ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਰੈੱਡ ਕਰਾਸ ਸੈਂਟ ਜੌਹਨ ਐਬੂਲੈਂਸ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫ਼ਸਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਕਰਮਚਾਰੀਆਂ ਨੂੰ ਘਰਾਂ, ਫੈਕਟਰੀਆਂ ਅਤੇ ਸੜਕ ‘ਤੇ ਕੰਮ ਕਰਦੇ ਸਮੇਂ ਬਚਾਓ ਦੇ ਨੁਕਤੇ ਦੱਸੇ ਗਏ। ਉਨ੍ਹਾਂ ਕਿਹਾ ਕਿ ਤੇਜ਼ੀ, ਕਾਹਲੀ, ਤਨਾਓ ਅਤੇ ਲੇਟ ਕਾਰਜ ਸ਼ੁਰੂ ਕਰਕੇ ਜਲਦੀ ਨਿਪਟਾਉਣਾ, ਬਿਨਾਂ ਸੁਰੱਖਿਆ ਸਾਮਾਨ ਦੇ ਕੰਮ ਕਰਨ ਨਾਲ ਹਾਦਸੇ ਹੁੰਦੇ ਹਨ। ਉਨ੍ਹਾਂ ਨੇ ਘਰ ਅੰਦਰ ਗੈਸ, ਕਰੰਟ ਅਤੇ ਅੱਗ ਆਦਿ ਦੇ ਹਾਦਸਿਆਂ ਦੇ ਬਚਾਓ ਸਬੰਧੀ ਅਤੇ ਪੀੜਤ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਇੰਸ: ਹਰਦੀਪ ਸਿੰਘ ਬਡੂੰਗਰ ਵੱਲੋਂ ਸੜਕਾਂ ‘ਤੇ ਚਲਦੇ ਸਮੇਂ, ਸੜਕ ਪਾਰ ਕਰਦੇ ਸਮੇਂ, ਟਰੈਫ਼ਿਕ ਲਾਈਟਾਂ, ਪਾਰਕਿੰਗ, ਹੈਲਮਟ, ਸੀਟ ਬੈਲਟ, ਪਿੱਛੇ ਦੇਖਣ ਵਾਲੇ ਸ਼ੀਸ਼ੇ ਆਦਿ ਦੀ ਮਹੱਤਤਾ ਬਾਰੇ ਕਰਮਚਾਰੀਆਂ ਨੂੰ ਦੱਸਿਆਂ। ਇਸ ਮੌਕੇ ਨਸ਼ਾ ਮੁਕਤੀ ਰੈੱਡ ਕਰਾਸ ਸਾਕੇਤ ਹਸਪਤਾਲ ਦੇ ਕਾਊਂਸਲਰ ਅੰਮ੍ਰਿਤਪਾਲ ਸਿੰਘ ਨੇ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮਹਿੰਦਰ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਕਾਕਾ ਰਾਮ ਵਰਮਾ, ਏ.ਐਸ.ਆਈ. ਗੁਰਜਾਪ ਸਿੰਘ ਹਾਜ਼ਰ ਸਨ।

