ਪੰਜਾਬਪਟਿਆਲਾ

ਗਾਇਕ ਅਤੇ ਗੀਤਕਾਰ ਨਸ਼ੇ ਅਤੇ ਹਥਿਆਰਾਂ ਸਬੰਧੀ ਗੀਤਾਂ ਤੋਂ ਗੁਰੇਜ਼ ਕਰਨ- ਐਸ.ਐਸ.ਪੀ.

ਪਟਿਆਲਾ, 10 ਮਾਰਚ (ਮਧੂਸਾਰ ਬਿਊਰੋ) ਗੀਤ ਕਿਸੇ ਸਮਾਜ ਦੇ ਦਰਪਣ ਦਾ ਕੰਮ ਕਰਦੇ ਹਨ, ਜਿਸ ਤਰ੍ਹਾਂ ਦੇ ਗੀਤ ਕਿਸੇ ਸਮਾਜ ਵਿੱਚ ਗਾਏ ਜਾਣਗੇ ਉਸ ਤਰ੍ਹਾਂ ਦੀ ਉਥੋਂ ਦੀ ਨੌਜਵਾਨ ਪੀੜ੍ਹੀ ਹੋਵੇਗੀ। ਕਿਉਂਕਿ ਗੀਤ-ਸੰਗੀਤ ਮਨੁੱਖੀ ਜੀਵਨ ‘ਤੇ ਚੰਗਾ ਜਾ ਮਾੜਾ ਪ੍ਰਭਾਵ ਪਾਉਂਦੇ ਹਨ।

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਗੀਤ-ਸੰਗੀਤ ਨਾ ਜੋੜਕੇ ਉਨ੍ਹਾਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵਿੱਚ ਲਗਾਇਆ ਜਾ ਸਕੇ। ਇਸ ਤਹਿਤ ਐਸ.ਐਸ.ਪੀ. ਪਟਿਆਲਾ ਡਾ. ਐਸ. ਭੂਪਤੀ ਨੇ ਅੱਜ ਕਲਾਕਾਰਾਂ ਅਤੇ ਡੀ.ਜੇ. ਗਰੁੱਪਾਂ ਦੇ ਕਰੀਬ 130 ਮੈਬਰਾਂ ਨਾਲ ਪੁਲਿਸ ਲਾਇਨ ਪਟਿਆਲਾ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਪੰਜਾਬੀ ਕਲਾਕਾਰ ਪੰਮੀ ਬਾਈ ਅਤੇ ਐਮੀ ਵਿਰਕ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਡੀ.ਜੇ. ਗਰੁੱਪਾਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।
ਇਸ ਮੌਕੇ ਐਸ.ਐਸ.ਪੀ. ਡਾ. ਐਸ. ਭੂਪਤੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਵੱਲੋਂ ਨਸ਼ੇ ਅਤੇ ਅਸਲੇ ਸਬੰਧੀ ਉਕਸਾਉਣ ਵਾਲੇ ਗੀਤ ਨਾ ਲਿਖੇ ਜਾਣ, ਨਾ ਰਿਕਾਰਡ ਕੀਤੇ ਜਾਣ, ਨਾ ਗਾਏ ਜਾਣ ਅਤੇ ਨਾ ਹੀ ਡੀ.ਜੇ. ਵਿੱਚ ਵਜਾਏ ਜਾਣ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਨੌਜਵਾਨ ਪੀੜ੍ਹੀ ਵਿੱਚ ਮੁਜਰਮਾਂ ਵਾਲੀ ਪ੍ਰਵਿਰਤੀ ਨੂੰ ਜਨਮ ਦਿੰਦੇ ਹਨ। ਜਿਸ ਨਾਲ ਉਹ ਜੁਰਮ ਦੀ ਦੁਨੀਆ ਵਿੱਚ ਬੁਰੀ ਤਰ੍ਹਾਂ ਧੱਸ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਚੰਗੇ ਗੀਤਾ ਦੀ ਰਚਨਾ ਕਰੀਏ। ਐਸ.ਐਸ.ਪੀ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਲਿਖੇ ਜਾਣ, ਰਿਕਾਰਡ ਕੀਤੇ ਜਾਣ, ਗਾਏ ਜਾਣ ਅਤੇ ਡੀ.ਜੇ. ਉਪਰ ਵਜਾਏ ਜਾਣ। ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਚੰਗੇ ਗੀਤ-ਸੰਗੀਤ ਦਾ ਆਨੰਦ ਮਾਣ ਸਕੇ ਅਤੇ ਸਾਡੇ ਗੀਤ ਨੂੰ ਸੁਣਕੇ ਹੋਰਨਾਂ ਦੇਸ਼ਾਂ ਦੇ ਵਸਨੀਕਾਂ ਨੂੰ ਵੀ ਸਾਡੀਆਂ ਉੱਚੀ ਕਦਰਾਂ-ਕੀਮਤਾਂ ਦਾ ਪਤਾ ਲੱਗ ਸਕੇ।
ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ ਅਤੇ ਐਮੀ ਵਿਰਕ ਨੇ ਸਾਫ਼-ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਵਿੱਚ ਹੀ ਭਰੋਸਾ ਪ੍ਰਗਟਾਇਆ।
ਇਸ ਮੌਕੇ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਐਸ.ਪੀ.ਡੀ. ਸ਼੍ਰੀ ਹਰਵਿੰਦਰ ਸਿੰਘ ਵਿਰਕ, ਐਸ.ਪੀ. ਸਿਟੀ ਸ਼੍ਰੀ ਕੇਸਰ ਸਿੰਘ ਅਤੇ ਸਮੂਹ ਥਾਣਿਆਂ ਦੇ ਮੁਖੀ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *