ਪੰਜਾਬ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨਰਿੰਦਰਪਾਲ ਸਿੰਘ ਹੁੰਦਲ ਦਾ ਸਨਮਾਨ

ਅੰਮ੍ਰਿਤਸਰ 12 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੱਤਰਕਾਰੀ ਵਿਚ ਚੰਗਾ ਨਾਮਨਾ ਖੱਟਣ ਵਾਲੇ ਨਰਿੰਦਰਪਾਲ ਸਿੰਘ ਹੁੰਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ। ਦਫਤਰ ਸ੍ਰੋਮਣੀ ਕਮੇਟੀ ਵਿਖੇ ਪਹੁੰਚਣ ਤੇ ਦਿਲਜੀਤ ਸਿੰਘ ਬੇਦੀ ਨੇ ਉਨ੍ਹਾਂ ਨੂੰ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ।

ਇਸ ਮੌਕੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ. ਨਰਿੰਦਰਪਾਲ ਸਿੰਘ ਹੁੰਦਲ ਨੇ ਅਮਰੀਕਾ ਵਿਚ ਜਿਥੇ ਪੱਤਰਕਾਰੀ ਵਿਚ ਚੰਗਾ ਨਾਮ ਬਣਾਇਆ ਹੈ ਉਥੇ ਉਹ ਸਿੱਖ ਮਸਲਿਆਂ ਬਾਰੇ ਹਮੇਸਾਂ ਅਵਾਜ ਉਠਾਉਂਦੇ ਆ ਰਹੇ ਹਨ। ਇਸ ਦੇ ਨਾਲ ਹੀ ਸਿੱਖ ਧਰਮ ਦੇ ਪ੍ਰਚਾਰ ਲਈ ਵੀ ਉਹ ਮੋਹਰੀ ਰੋਲ ਨਿਭਾ ਰਹੇ ਹਨ। ਸ. ਹੁੰਦਲ ਨੂੰ ਸਿੱਖ ਸਿਧਾਂਤ ਅਤੇ ਸਿੱਖ ਧਰਮ ਇਤਿਹਾਸ ਸਬੰਧੀ ਚੰਗਾ ਗਿਆਨ ਹੈ।
ਇਸ ਮੌਕੇ ਸ. ਨਰਿੰਦਰਪਾਲ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਸੇਵਾ ਕੀਤੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਅਮਰੀਕਾ ਵਿਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸ਼੍ਰੋਮਣੀ ਕਮੇਟੀ ਦੇ ਸਹਿਯੋਗੀ ਬਣ ਕੇ ਰਹੇ ਹਨ ਅਤੇ ਅਗੋਂ ਵੀ ਸਹਿਯੋਗੀ ਰਹਿਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਰੰਭੇ ਕਾਰਜ਼ਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਰੰਭੀ ਧਰਮ ਪ੍ਰਚਾਰ ਲਹਿਰ ਨੌਜਵਾਨੀ ਦੇ ਮਾਰਗ ਦਰਸ਼ਨ ਲਈ ਸਹਾਈ ਸਿਧ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਸ. ਹਰਭਜਨ ਸਿੰਘ ਵਕਤਾ, ਸ. ਦਲਬੀਰ ਸਿੰਘ ਸਾਬਕਾ ਸੂਚਨਾ ਅਧਿਕਾਰੀ ਸ੍ਰੀ ਦਰਬਾਰ ਸਾਹਿਬ ਤੇ ਡਾ. ਅਮਿਤੋਜ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *