ਬੰਗਲਾਦੇਸ਼ ਦੀ ਸਾਬਕਾ ਪੀ. ਐੱਮ. ਖਾਲਿਦਾ ਨੂੰ ਮਿਲੀ ਜ਼ਮਾਨਤ
ਢਾਕਾ 12 ਮਾਰਚ (ਮਧੂਸਾਰ ਬਿਊਰੋ) ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਸੋਮਵਾਰ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਹਾਈ ਕੋਰਟ ਨੇ 4 ਮਹੀਨੇ ਦੀ ਜ਼ਮਾਨਤ ਦੇ ਦਿੱਤੀ ਹੈ। ਇਕ ਮਹੀਨੇ ਪਹਿਲਾਂ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਖਾਲਿਦਾ ਨੂੰ ਫੌਜੀ ਸ਼ਾਸਕ ਤੋਂ ਨੇਤਾ ਬਣੇ ਉਨ੍ਹਾਂ ਦੇ ਮਰਹੂਮ ਪਤੀ ਜਿਯਾਉਰ ਰਹਿਮਾਨ ਦੇ ਨਾਂ ‘ਤੇ ‘ਜ਼ਿਆ ਆਰਫਨੇਜ (ਅਨਾਥ) ਟਰੱਸਟ’ ਲਈ ਵਿਦੇਸ਼ੀ ਚੰਦੇ ਵਿਚ ਤਕਰੀਬਨ ਢਾਈ ਲੱਖ ਡਾਲਰ ਦੇ ਘਪਲੇ ਦੇ ਮਾਮਲੇ ਵਿਚ 8 ਫਰਵਰੀ ਨੂੰ 5 ਸਾਲ ਜੇਲ ਦੀ ਸਜ਼ਾ ਹੋਈ ਸੀ।
ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਂਚ ਨੇ ਉਨ੍ਹਾਂ ਨੂੰ 4 ਮਹੀਨੇ ਦੀ ਜ਼ਮਾਨਤ ਦੇ ਦਿੱਤੀ ਅਤੇ ਨਾਲ ਹੀ ਹੁਕਮ ਦਿੱਤਾ ਕਿ ਦੋਸ਼ੀ ਠਹਿਰਾਏ ਜਾਣ ਅਤੇ ਜੇਲ ਦੀ ਸਜ਼ਾ ਵਿਰੁੱਧ ਉਨ੍ਹਾਂ ਦੀ ਅਪੀਲ ‘ਤੇ ਅਧਿਕਾਰੀ ਦਲੀਲਾਂ ਤਿਆਰ ਕਰਨ। ਜੱਜ ਐਮ. ਇਨਾਯੇਤੁਰ ਰਹੀਮ ਅਤੇ ਜੱਜ ਸ਼ਾਹਿਦੁਲ ਕਰੀਮ ਦੀ ਬੈਂਚ ਨੇ ਹੇਠਲੀ ਅਦਾਲਤ ਤੋਂ ਮਾਮਲੇ ਨਾਲ ਜੁੜੇ ਦਸਤਾਵੇਜ਼ ਮਿਲਣ ਤੋਂ ਬਾਅਦ ਫੈਸਲਾ ਸੁਣਾਇਆ। ਦਹਾਕਿਆਂ ਤੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਿਰੋਧੀ ਰਹੀ ਖਾਲਿਦਾ ‘ਤੇ ਦਰਜਨਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚੋਂ ਇਹ ਇਕ ਮਾਮਲਾ ਹੈ।

