ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਸੂਬਾ ਪੱਧਰੀ ਵਫਦ ਪਾਵਰਕੌਮ ਮੈਨੇਜਮੈਂਟ ਨੂੰ ਮਿਲਿਆ
ਪਟਿਆਲਾ 13 ਮਾਰਚ (ਮਧੂਸਾਰ ਬਿਊਰੋ) ਸਮੁੱਚੇ ਪੰਜਾਬ ਵਿੱਚ ਬਿਜਲੀ ਦੀ ਮਾੜੀ ਸਪਲਾਈ (ਖਾਸ ਕਰਕੇ ਦਿਨ ਵੇਲੇ) ਸਬੰਧੀ ਭਾਰਤੀ ਕਿਸਾਨ ਯੂਨੀਅਨ(ਏਕਤਾ) ਡਕੌਂਦਾ ਦਾ ਸੂਬਾ ਪੱਧਰੀ ਵਫਦ ਜਗਮੋਹਨ ਸਿੰਘ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਡਾਇਰੈਕਟਰ (ਵੰਡ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ।
ਵਫਦ ਵਿੱਚ ਗੁਰਮੀਤ ਸਿੰਘ ਭੱਟੀਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜੰਗ ਸਿੰਘ ਭਟੇੜੀ ਪ੍ਰਧਾਨ ਜਿਲ੍ਹਾ ਪਟਿਆਲਾ, ਸੁੱਚਾ ਸਿੰਘ ਜਨਰਲ ਸਕੱਤਰ ਪਟਿਆਲਾ, ਕਰਨੈਲ ਸਿੰਘ ਲੰਗ ਸੀਨੀਅਰ ਮੀਤ ਪ੍ਰਧਾਨ ਪਟਿਆਲਾ, ਪ੍ਰੋ ਬਾਵਾ ਸਿੰਘ ਅਤੇ ਹੋਰ ਕਈ ਆਗੂ ਵੀ ਸ਼ਾਮਿਲ ਸਨ। ਵਫਦ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਦਿਨ ਦੀ ਸਪਲਾਈ ਵਿੱਚ ਵੱਡੇ ਕੱਟ ਲੱਗ ਰਹੇ ਹਨ। ਕਣਕ ਦੀ ਫਸਲ ਇਸ ਵੇਲੇ ਆਖਰੀ ਪਾਣੀ ਤੇ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਲੇਟ ਨਹੀਂ ਹੋਣਾ ਚਾਹੀਦਾ। ਲੇਟ ਹੋਣ ਨਾਲ ਫਸਲ ਦੇ ਝਾੜ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਸਮੱਸਿਆ ਕਾਰਨ ਪੰਜਾਬ ਦੇ ਕਿਸਾਨਾਂ ਵਿੱਚ ਬਹੁਤ ਬੇਚੈਨੀ ਅਤੇ ਗੁੱਸਾ ਹੈ। ਜੱਥੇਬੰਦੀ ਵਲੋਂ ਪੰਜਾਬ ਦੇ ਬਹੁਤ ਇਲਾਕਿਆਂ ਵਿੱਚ ਪਾਵਰਕੌਮ ਵਿਰੁੱਧ ਰੋਸ ਧਰਨੇ ਵੀ ਦਿੱਤੇ ਗਏ ਹਨ।
ਡਾਇਰੈਕਟਰ ਵੰਡ ਨੇ ਯਕੀਨ ਦਿਵਾਇਆ ਕਿ ਦੋ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਜੱਥੇਬੰਦੀ ਨੇ ਪਾਵਰਕੌਮ ਨੂੰ ਚਿਤਾਵਨੀ ਦਿੱਤੀ ਕਿ ਅਗਰ ਬਿਜਲੀ ਦੀ ਸਪਲਾਈ ਜਲਦੀ ਠੀਕ ਨਾ ਹੋਈ ਤਾਂ ਸਾਨੂੰ ਪਾਵਰਕੌਮ ਵਿਰੁੱਧ ਸੂਬਾ ਪੱਧਰ ਤੇ ਤਿੱਖੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ।

