ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵਿਖੇ ਬਨਸਪਤੀ ਵਿਗਿਆਨ ਵਿਸ਼ੇ ‘ਤੇ ਦੋ ਰੋਜਾ ਰਾਸ਼ਟਰੀ ਕਾਨਫਰੰਸ ਦਾ ਆਗਾਜ਼

ਪਟਿਆਲਾ, 16 ਮਾਰਚ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਬਾਟਨੀ ਅਤੇ ਵਾਤਾਵਰਣ ਵਿਭਾਗ ਵੱਲੋਂ ”ਬਨਸਪਤੀ ਵਿਗਿਆਨ ਦੇ ਖੇਤਰ ਵਿਚ ਖੋਜ ਅਤੇ ਵਿਕਾਸ” ਵਿਸ਼ੇ ‘ਤੇ ਦੋ ਰੋਜਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ।

ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਟਨੀ ਵਿਭਾਗ ਦੇ ਪ੍ਰੋਫੈਸਰ ਡਾ. ਅਮਰੀਕ ਸਿੰਘ ਆਹਲੂਵਾਲੀਆ ਵੱਲੋਂ ਉਦਘਾਟਨੀ ਭਾਸ਼ਣ ਪੇਸ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਟਨੀ ਵਿਭਾਗ ਦੇ ਪ੍ਰੋਫੈਸਰ ਡਾ. ਐਨ.ਐਸ.ਅੱਤਰੀ ਵੱਲੋਂ ਕੂੰਜੀਵਤ ਭਾਸ਼ਣ ਪੇਸ਼ ਕੀਤਾ ਗਿਆ। ਆਪਣੇ ਉਦਘਾਟਨੀ ਭਾਸ਼ਣ ਵਿਚ ਡਾ. ਅਮਰੀਕ ਸਿੰਘ ਆਹਲੂਵਾਲੀਆ ਨੇ ਬਾਟਨੀ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬਨਸਪਤੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਤੋਂ ਬਿਨਾਂ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ। ਕੂੰਜੀਵਤ ਭਾਸ਼ਣ ਪੇਸ਼ ਕਰਦਿਆਂ ਪ੍ਰੋ. ਐਨ.ਐਸ.ਅੱਤਰੀ ਨੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੂੰ ਖੂੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਖੂੰਬਾਂ ਦੀ ਕਾਸ਼ਤ ਤੋਂ ਵਾਤਾਵਰਣ ਨੂੰ ਹੋਣ ਵਾਲੇ ਲਾਭ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਖੂੰਬਾਂ ਮਨੁੱਖੀ ਸਰੀਰ ਲਈ ਵੀ ਬਹੁਤ ਲਾਹੇਵੰਦ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਖਹਿਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੱਸਿਆ ਕਿ ਬਨਸਪਤੀ ਵਿਗਿਆਨ ਦੇ ਖੇਤਰ ਵਿਚ ਨਿਰੰਤਰ ਖੋਜ ਦੇ ਕਾਰਨ ਹੀ ਸਾਡਾ ਦੇਸ਼ ਅੱਜ ਖਾਦ ਸੁਰੱਖਿਅਤ ਹੋਇਆ ਹੈ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਆਏ ਹੋਏ ਮਹਿਮਾਨਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਮਾਰੋਹ ਦੀ ਸ਼ੁਰੂਆਤ ਵਿਚ ਰਜਿਸਟਰਾਰ ਅਤੇ ਡੀਨ ਫੈਕਲਟੀ ਬੇਸਿਕ ਅਤੇ ਅਪਲਾਈਡ ਸਾਇੰਸਜ਼ ਡਾ. ਪਰਿਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਾਨਫਰੰਸ ਦੇ ਵਿਸ਼ੇ ਬਾਰੇ ਮੁਢਲੀ ਜਾਣਕਾਰੀ ਦਿੱਤੀ। ਸਮਾਰੋਹ ਦੇ ਅਖੀਰ ਵਿਚ ਬਾਟਨੀ ਵਿਭਾਗ ਦੇ ਇੰਚਾਰਜ ਡਾ. ਯਾਦਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੇ ਪਹਿਲੇ ਦਿਨ ਦੇ ਤਕਨੀਕੀ ਸੈਸ਼ਨ ਵਿਚ ਭਾਵਨਗਰ, ਗੁਜਰਾਤ ਤੋਂ ਆਏ ਡਾ. ਪੀ.ਵੀ.ਸੁਭਾਰਾਓ, ਦਿੱਲੀ ਤੋਂ ਡਾ. ਓ.ਐਨ.ਤਿਵਾਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਪ੍ਰੋਫੈਸਰ ਮਨਰੁਚੀ ਕੌਰ ਅਤੇ ਪ੍ਰੋਫੈਸਰ ਡੀ.ਪੀ.ਸਿੰਘ ਨੇ ਕਾਨਫਰੰਸ ਦੇ ਵਿਸ਼ੇ ‘ਤੇ ਆਧਾਰਿਤ ਪਰਚੇ ਪੇਸ਼ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਇੰਚਾਰਜ ਸਾਹਿਬਾਨ ਮੌਜੂਦ ਸਨ।

Leave a Reply

Your email address will not be published. Required fields are marked *