ਸਿਹਤ ਵਿਭਾਗ ਦੀ ਟੀਮ ਵੱਲੋਂ ਦੁੱਧ ਦੀਆਂ ਡੇਅਰੀਆਂ ਤੇ ਛਾਪੇਮਾਰੀ
ਪਟਿਆਲਾ, 28 ਮਾਰਚ (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਵੱਲੋਂ ਮਿਲਾਵਟੀ ਵਸਤਾਂ ਨੂੰ ਠੱਲ ਪਾਉਣ ਲਈ ਦਿੱਤੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਵੱਲੋਂ ਮਿਲਾਵਟੀ ਅਤੇ ਸਿੰਥੈਟਿਕ ਉਤਪਾਦਾਂ ਰਾਹੀਂ ਹੁੰਦੇ ਨੁਕਸਾਨ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵਿੱਢੀ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਦੀ ਟੀਮ ਨੇ ਜਿਸ ਵਿੱਚ ਡਾ. ਸੁਖਮਿੰਦਰ ਸਿੰਘ ਡੀ.ਐਫ.ਪੀ.ਓ. ਅਤੇ ਫੂਡ ਸੇਫ਼ਟੀ ਅਫ਼ਸਰ ਪੁਨੀਤ ਸ਼ਰਮਾ ਵੱਲੋਂ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਨਾਲ ਲੱਗਦੇ ਖੇਤਰ ਅਤੇ ਅਰਬਨ ਅਸਟੇਟ ਵਿਖੇ ਦੁੱਧ ਦੀਆਂ ਡੇਅਰੀਆਂ ਤੇ ਛਾਪੇਮਾਰੀ ਕੀਤੀ।
ਜਿਸ ਦੌਰਾਨ ਦੁੱਧ, ਦਹੀਂ, ਪਨੀਰ ਅਤੇ ਘਿਓ ਦੇ 9 ਸੈਂਪਲ ਭਰੇ ਗਏ, ਜਿਨ੍ਹਾਂ ਦੀ ਗੁਣਵੱਤਾ ਸਬੰਧੀ ਅਗਲੇਰੀ ਜਾਂਚ ਲਈ ਲੈਬਾਰਟਰੀ ਵਿਖੇ ਭੇਜਿਆ ਗਿਆ। ਇਸ ਮੌਕੇ ਸਿਵਲ ਸਰਜਨ ਦੀ ਟੀਮ ਨੇ ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਵਾਉਣ ਅਤੇ ਲਾਇਸੈਂਸ ਬਨਵਾਉਣ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਸ਼੍ਰੀ ਹਰੀਸ਼ ਮਲਹੋਤਰਾਂ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਵੱਲੋਂ ਭਵਿੱਖ ਵਿੱਚ ਵੀ ਅਜਿਹੀ ਛਾਪੇਮਾਰੀ ਕੀਤੀ ਜਾਂਦੀ ਰਹੇਗੀ ਤਾਂ ਜੋ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ ਉਤੇ ਨਕੇਲ ਕੱਸੀ ਜਾ ਸਕੇ।

