ਪੀ.ਆਰ.ਟੀ.ਸੀ. ਟਰੇਨਿੰਗ ਸਕੂਲ ਵਿਖੇ ਹਰ ਹਫ਼ਤੇ 100 ਦੇ ਕਰੀਬ ਸਟਾਫ਼ ਪ੍ਰਾਪਤ ਕਰ ਰਿਹਾ ਹੈ ਟਰੇਨਿੰਗ: ਨਾਰੰਗ
ਪਟਿਆਲਾ, 6 ਅਪ੍ਰੈਲ (ਮਧੂਸਾਰ ਬਿਊਰੋ) ਵਿਸ਼ਵ ਸਿਹਤ ਦਿਵਸ ਮੌਕੇ ਪੀ.ਆਰ.ਟੀ.ਸੀ ਟਰੇਨਿੰਗ ਸਕੂਲ ਵਿਖੇ ਸਿਹਤ, ਸਨਮਾਨ ਅਤੇ ਸਿਹਤ ਖੁਸ਼ਹਾਲੀ ਦਿਵਸ ਮਨਾਇਆ ਗਿਆ।
ਇਸ ਮੌਕੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਵੱਖ-ਵੱਖ ਡੀਪੂਆਂ ਤੋਂ ਆਏ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ, ਸਰੀਰਕ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਚੰਗੀ ਨੌਕਰੀ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਦੇ ਸੰਵਿਧਾਨਕ ਅਤੇ ਸਮਾਜਿਕ ਅਧਿਕਾਰ ਵੀ ਹਨ ਅਤੇ ਫ਼ਰਜ਼ ਵੀ, ਪਰ ਅਧਿਕਾਰਾਂ ਦੀ ਵਰਤੋਂ ਕਰਕੇ ਅਸੀਂ ਕੇਵਲ ਆਪਣਾ ਭਲਾ ਅਤੇ ਉੱਨਤੀ ਕਰ ਸਕਦੇ ਹਾਂ ਪਰ ਆਪਣੇ ਫ਼ਰਜ਼ਾਂ, ਜ਼ਿੰਮੇਵਾਰੀਆਂ ਅਤੇ ਸਮਾਜਿਕ ਨਿਯਮਾਂ ਕਾਨੂੰਨ ਦੀ ਪਾਲਣਾ ਕਰਕੇ ਸਭ ਦਾ ਭਲਾ ਕਰ ਸਕਦੇ ਹਾਂ ਅਤੇ ਇਕ ਸਿਹਤਮੰਦ, ਖੁਸ਼ਹਾਲ, ਸੁਰੱਖਿਅਤ ਅਤੇ ਭਾਈਚਾਰੇ ਵਾਲੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਟਰੇਨਿੰਗ ਸਕੂਲ ਹਰ ਹਫ਼ਤੇ 100 ਦੇ ਕਰੀਬ ਸਟਾਫ਼ ਨੂੰ ਟਰੇਨਿੰਗ ਦੇਕੇ ਉਨ੍ਹਾਂ ਅੰਦਰ ਅਨੁਸ਼ਾਸਨ ਅਤੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰ ਰਿਹਾ ਹੈ।
ਇਸ ਮੌਕੇ ਰੈੱਡ ਕਰਾਸ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫ਼ਸਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਗੁਰਿੰਦਰ ਸਿੰਘ ਅਟਵਾਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਨਸਾਨ ਦਾ ਸਰੀਰ ਪੰਜ ਤੱਤਾਂ ਜਿਵੇਂ ਮਿੱਟੀ, ਅਗਨੀ, ਪਾਣੀ, ਅਕਾਸ਼ ਅਤੇ ਹਵਾ ਨਾਲ ਬਣਿਆ ਹੈ। ਇਸ ਲਈ ਚੰਗੀ ਸਿਹਤ ਅਤੇ ਤਾਕਤ ਲਈ ਦਵਾਈਆਂ ਦੀ ਨਹੀਂ, ਸੈਰ, ਕਸਰਤ, ਘਰੇਲੂ ਸ਼ੁੱਧ ਭੋਜਨ, ਸਾਫ਼-ਸੁਥਰਾ ਅਤੇ ਸੁੱਧ ਵਾਤਾਵਰਨ ਹੀ ਚੰਗੀ ਸਿਹਤ ਪ੍ਰਾਪਤ ਕਰਵਾ ਸਕਦੇ ਹਨ। ਉਨ੍ਹਾਂ ਨੇ ਬੇਸਿਕ ਫ਼ਸਟ ਏਡ ਸੀ.ਪੀ.ਆਰ, ਬਨਾਉਟੀ ਸਾਹ ਕਿਰਿਆ ਰਾਹੀਂ ਕਿਸੇ ਮਨੁੱਖ ਨੂੰ ਮਰਨ ਤੋ ਬਚਾਉਣ ਹਿਤ ਵੀ ਗੁਰ ਦੱਸੇ।
ਇਸ ਮੌਕੇ ਏ.ਐਸ.ਆਈ. ਸ਼੍ਰੀ ਗੁਰਜਾਪ ਸਿੰਘ ਨੇ ਸੁਰੱਖਿਅਤ ਅਤੇ ਸ਼ਾਂਤਮਈ ਵਾਤਾਵਰਨ ਹਿਤ ਰੋਡ ਸੇਫ਼ਟੀ, ਸੜਕਾਂ ਉੱਤੇ ਚਲਦੇ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ, ਹਾਰਨ ਦੀ ਘੱਟ ਤੋ ਘੱਟ ਵਰਤੋ ਕਰਨਾ, ਪ੍ਰਦੂਸ਼ਣ ਤੇ ਹਾਦਸੇ ਘਟਾਉਣੇ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਮੁਕਤੀ ਸੈਂਟਰ ਦੇ ਡਾਇਰੈਕਟਰ ਪਰਮਿੰਦਰ ਕੋਰ ਮਨਚੰਦਾ ਅਤੇ ਕਾਉਸਲਰ ਅਮਰਿਤਪਾਲ ਸਿੰਘ ਨੇ ਚੰਗੀ ਸਿਹਤ ਹਿਤ ਤਾਕਤਵਰ ਮਨ ਅਤੇ ਵਿਚਾਰ, ਸ਼ੁੱਧ ਭੋਜਨ ‘ਤੇ ਜ਼ੋਰ ਦਿੱਤਾ। ਇਸ ਮੌਕੇ ਜਨਰਲ ਮੈਨੇਜਰ ਸ਼੍ਰੀ ਆਰ.ਐਸ. ਔਲਖ ਨੇ ਧੰਨਵਾਦ ਕੀਤਾ।

