ਵਿਜੀਲੈਂਸ ਬਿਓਰੋ ਵਲੋਂ ਰਿਸ਼ਵਤ ਦੇ ਮਾਮਲੇ ਵਿਚ ਪੀ.ਐਸ.ਪੀ.ਸੀ.ਐਲ ਦੇ ਦੋ ਜੇ.ਈ ਖਿਲਾਫ ਮੁਕੱਦਮਾ ਦਰਜ
ਚੰਡੀਗੜ•,9 ਅਪ੍ਰੈਲ (ਮਧੂਸਾਰ ਬਿਊਰੋ) ਵਿਜੀਲੈਂਸ ਬਿਓਰੋ, ਪੰਜਾਬ ਵਲੋਂ ਪੀ.ਐਸ.ਪੀ.ਸੀ.ਐਲ, ਸਬ ਡਵੀਜਨ ਝੁਨੀਰ, ਮਾਨਸਾ ਵਿਖੇ ਤਾਇਨਾਤ ਦੋ ਜੂਨੀਅਰ ਇੰਜੀਨੀਅਰਾਂ ਖਿਲਾਫ਼ ਰਿਸ਼ਵਤ ਮੰਗਣ ਅਤੇ ਹਾਸਲ ਕਰਨ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਝੁਨੀਰ ਵਿਖੇ ਤਾਇਨਾਤ ਜੇ.ਈ ਬਲਜਿੰਦਰ ਸਿੰਘ ਅਤੇ ਤਰਵਿੰਦਰ ਸਿੰਘ ਵਿਰੁੱਧ ਜਗਰਾਜ ਸਿੰਘ, ਵਾਸੀ ਝੁਨੀਰ, ਮਾਨਸਾ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੂੰ ਆਪਣੇ ਪਿਤਾ ਦੇ ਨਾਮ ਤੇ ਚੇਅਰਮੈਨ ਕੋਟੇ ਵਿੱਚੋ ਟਿਊਬਵੈਲ ਲਈ ਬਿਜਲੀ ਦਾ ਕੁਨੈਕਸ਼ਨ ਪੀ.ਐਸ.ਪੀ.ਸੀ.ਐਲ ਪਟਿਆਲਾ ਵੱਲੋ ਮੰਨਜੂਰ ਕਰਨ ਸਬੰਧੀ ਪੱਤਰ ਪ੍ਰਾਪਤ ਹੋਇਆ ਸੀ। ਬਲਜਿੰਦਰ ਸਿੰਘ, ਜੇ.ਈ. ਕੌਰ ਵਾਲਾ ਫੀਡਰ, ਪੀ.ਐਸ.ਪੀ.ਸੀ.ਐਲ ਸਬ ਡਵੀਜਨ ਝੁਨੀਰ, ਜਿਲਾ ਮਾਨਸਾ ਵੱਲੋਂ ਇਸ ਕੁਨੈਕਸ਼ਨ ਦਾ ਅਸਟੀਮੇਟ ਤਿਆਰ ਕਰਨ ਬਦਲੇ ਉਸ ਪਾਸੋ 2000/-ਰੁਪਏ ਰਿਸ਼ਵਤ ਹਾਸਲ ਕੀਤੀ ਹੈ ਅਤੇ ਬਾਕੀ 2000/-ਰੁਪਏ ਰਿਸ਼ਵਤ ਟਿਊਬਵੈਲ ਕੁਨੈਕਸ਼ਨ ਦਾ ਸਮਾਨ ਜਾਰੀ ਕਰਨ ਸਮੇ ਦੇਣ ਲਈ ਕਿਹਾ। ਉਸਤੋ ਬਾਅਦ ਕੌਰ ਵਾਲਾ ਫੀਡਰ ਦਾ ਚਾਰਜ ਤਰਵਿੰਦਰ ਸਿੰਘ, ਜੇ.ਈ., ਕੋਲ ਰਹਿਣ ਕਰਕੇ ਉਸ ਪਾਸੋ 2500/-ਰੁਪਏ ਰਿਸ਼ਵਤ ਦੀ ਮੰਗ ਕੀਤੀ ਜਿਸਤੇ ਉਸ ਵਲੋਂ 1500/-ਰੁਪਏ ਰਿਸ਼ਵਤ ਦਿੱਤੀ ਅਤੇ 500/-ਰੁਪਏ ਬਾਅਦ ਵਿੱਚ ਦੇਣ ਲਈ ਕਿਹਾ ਗਿਆ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਬਲਜਿੰਦਰ ਸਿੰਘ ਜੇ.ਈ. ਅਤੇ ਤਰਵਿੰਦਰ ਸਿੰਘ ਜੇ.ਈ. ਖਿਲਾਫ਼ ਰਿਸ਼ਵਤ ਮੰਗਣ ਅਤੇ ਹਾਸਲ ਕਰਨ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

