ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਹੱਥ ਕਲਾ ਸ਼ਿਲਪ ਪ੍ਰਦਰਸ਼ਨੀ ਦਾ ਆਯੋਜਨ
ਪਟਿਆਲਾ 9, ਅਪ੍ਰੈਲ (ਮਧੂਸਾਰ ਬਿਊਰੋ) ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਪੇਂਡੂ ਖੇਤਰਾਂ ਦੇ ਲਘੂ ਉਦਯੋਗ ਨੂੰ ਉਤਸ਼ਾਹਿਤ ਕਰਨ ਹਿਤ ਹੱਥ ਕਲਾ ਸ਼ਿਲਪ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸ਼ੌਕਤ ਅਹਿਮਦ ਪਰ੍ਹੇ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਪ੍ਰਦਰਸ਼ਨੀ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਫੁਲਕਾਰੀਆਂ ਬਾਗ, ਪੀੜੀਆਂ, ਕਰੋਸ਼ੀਆ, ਦਰੀਆਂ, ਖੇਤ, ਛਿੱਕੂ, ਚੰਗੇਰ ਅਤੇ ਸੂਟਾਂ ਦੀ ਨੁਮਾਇਸ਼ ਲਗਾਈ ਗਈ। ਜਿਸ ਵਿੱਚ ਕਣਕ ਦੀ ਨਾੜ ਤੋਂ ਤਿਆਰ ਛਿੱਕੂ ਅਤੇ ਚੰਗੇਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ‘ਤੇ ਬੋਲਦਿਆਂ ਸ਼੍ਰੀ ਸ਼ੌਕਤ ਅਹਿਮਦ ਪਰ੍ਹੇ ਨੇ ਕਿਹਾ ਕਿ ਇਨ੍ਹਾਂ ਵਿਰਾਸਤੀ ਵਸਤਾਂ ਦੀ ਜੇ ਮਾਰਕੀਟਿੰਗ ਕੀਤੀ ਜਾਵੇ ਤਾਂ ਇਹ ਕਮਜ਼ੋਰ ਪੇਂਡੂ ਅਰਥ ਵਿਵਸਥਾ ਵਿੱਚ ਆਸ ਦੀ ਨਵੀਂ ਕਿਰਨ ਪੈਦਾ ਕਰ ਸਕਦੀਆਂ ਹਨ। ਸਕੀਮ ਦੇ ਇੰਟਰਨਲ ਕੁਆਰਡੀਨੇਟਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪੜ੍ਹਾਈ ਛੱਡ ਚੁੱਕੇ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆ ਨੂੰ ਇਸ ਸਕੀਮ ਅਧੀਨ ਛੇ-ਛੇ ਮਹੀਨੇ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਜਿਸ ਤਹਿਤ ਨੌਜੁਆਨ ਲੜਕੇ-ਲੜਕੀਆਂ ਨੂੰ ਸਿਲਾਈ ਕਢਾਈ ਬਿਊਟੀਸ਼ੀਅਨ ਇਲੈਕਟ੍ਰੀਸ਼ੀਅਨ, ਵੈਲਡਰ, ਪਲੰਬਰ ਅਤੇ ਕੰਪਿਊਟਰ ਦੇ ਕੋਰਸ ਕਰਵਾ ਕੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਂਦਾ ਹੈ। ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਉਪਰੋਕਤ ਪ੍ਰਦਰਸ਼ਨੀਆਂ ਰਾਹੀਂ ਪੇਂਡੂ ਹੱਥ ਕਲਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਿੱਖਿਅਤ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਉਦਯੋਗਿਕ ਕੇਂਦਰ ਨਵਪ੍ਰੀਤ ਬੇਦੀ, ਸਰਬੱਤ ਦਾ ਭਲਾ ਟਰੱਸਟ ਦੇ ਡਾਇਰੈਕਟਰ, ਸਿੱਖਿਆ ਸ਼੍ਰੀ ਮਦਨ ਲਾਲ ਹਸੀਜਾ ਅਤੇ ਪ੍ਰਦਰਸ਼ਨੀ ਦੇ ਇੰਚਾਰਜ ਸ਼੍ਰੀਮਤੀ ਅਮਰਜੀਤ ਕੌਰ ਵੀ ਨਾਲ ਸਨ।

