ਪਾਵਰ ਮੈਨੇਜਮੈਂਟ ਨੇ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ 11 ਅਪ੍ਰੈਲ ਦੀ ਸੂਬਾਈ ਹੜਤਾਲ ਮੁਲਤਵੀ
ਪਟਿਆਲਾ 10 ਅਪ੍ਰੈਲ (ਮਧੂਸਾਰ ਬਿਊਰੋ) ਪਾਵਰ ਮੈਨੇਜਮੈਂਟ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਮੀਟਿੰਗ ਹੋਈ।
ਮੈਨੇਜਮੈਂਟ ਵੱਲੋਂ ਸ੍ਰੀ ਐਸ.ਸੀ. ਅਰੋੜਾ ਡਾਇਰੈਕਟਰ ਵਿੱਤ, ਸ੍ਰੀ ਆਰ.ਪੀ.ਪਾਂਡਵ ਡਾਇਰੈਕਟਰ ਪ੍ਰਬੰਧਕੀ, ਸ੍ਰੀ ਬੀ.ਐਸ. ਗੁਰਮ ਉਪ ਸਕੱਤਰ ਆਈ.ਆਰ. ਅਤੇ ਭਲਾਈ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ.ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਬ੍ਰਿਜ ਲਾਲ, ਫਲਜੀਤ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ ਰੋਪੜ, ਰਣਬੀਰ ਸਿੰਘ ਪਾਤੜਾਂ, ਪਰਮਜੀਤ ਸਿੰਘ ਭੀਖੀ, ਵਿਜੇ ਕੁਮਾਰ, ਕਮਲਜੀਤ ਸਿੰਘ, ਸੁਰਿੰਦਰਪਾਲ ਸ਼ਰਮਾ ਅਤੇ ਹਰਬੰਸ ਗੁਰੂ ਸ਼ਾਮਲ ਹੋਏ। ਪਾਵਰ ਮੈਨੇਜਮੈਂਟ ਵੱਲੋਂ ਥਰਮਲ ਪਲਾਟਾਂ ਨੂੰ ਬੰਦ ਨਾਂ ਕਰਨ ਦੇ ਮੁੱਦੇ ਤੇ ਮੁੱਖ ਮੰਤਰੀ ਪੰਜਾਬ ਨਾਲ ਇੱਕ ਮਹੀਨੇ ਅੰਦਰ ਮੀਟਿੰਗ ਕਰਵਾਉਣ, ਪੇ-ਬੈਂਡ ਦੇ ਮੁੱਦੇ ਅਤੇ ਵਰਕਚਾਰਜਾਂ ਨੂੰ ਸੋਧੇ ਗਰੇਡ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਦੀ ਕਾਪੀ ਦਿੱਤੀ ਗਈ ਅਤੇ ਪ੍ਰਮੁੱਖ ਸਕੱਤਰ ਵਿੱਤ ਪੰਜਾਬ ਨਾਲ ਜਲਦੀ ਮੀਟਿੰਗ ਕਰਵਾਉਣ, ਸਮੁੱਚੇ ਯੋਗ ਮੁਲਾਜਮਾਂ ਨੂੰ ਬਿਨਾਂ ਸ਼ਰਤ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦਾ ਬੀ. ਓ. ਡੀ. ਦੀ ਆਉਣ ਵਾਲੀ ਮੀਟਿੰਗ ਵਿੱਚ ਨਿਪਟਾਰਾ ਕਰਨ, ਆਰ.ਟੀ.ਐਮ. ਤੋਂ ਸ.ਲ.ਮ. ਪਦਉਨਤ ਕਰਨ, ਕੰਟਰੈਕਟ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇਣ, ਦਰਜਾ ਚਾਰ ਤੋਂ ਐਲ.ਡੀ.ਸੀ. ਪਦ-ਉੱਨਤ ਹੋਣ ਤੇ 55 ਸਾਲਾਂ ਦੀ ਉਮਰ ਤੱਕ ਕੰਪਿਊਟਰ ਟੈਸਟ ਤੋਂ ਛੋਟ ਦੇਣ ਦਾ ਸਰਕੂਲਰ ਦਿੱਤਾ। ਇਸ ਤੋਂ ਇਲਾਵਾ ਥਰਮਲ ਦੇ ਕਾਮਿਆਂ ਦਾ ਪ੍ਰਮੋਸ਼ਨ ਚੈਨਲ ਬਣਾਉਣ ਸਮੁੱਚੇ ਥਰਮਲ ਦੇ ਯੋਗ ਕਾਮਿਆਂ ਦੀਆਂ ਬਣਦੀਆਂ ਪੋਸਟਾਂ ਅਨੁਸਾਰ ਤਰੱਕੀਆਂ ਕਰਨ ਤੋਂ ਇਲਾਵਾ ਹਰੇਕ ਵਰਗ ਦੇ ਕਾਮਿਆਂ ਦੀਆਂ ਖਾਲੀ ਅਸਾਮੀਆਂ ਵਿਰੁੱਧ ਜਲਦੀ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ। ਅਕਾਉਂਟਸ ਅਤੇ ਜਰਨਲ ਵਰਗ ਦੇ ਯੂ.ਡੀ.ਸੀ. ਦੀ ਸਾਂਝੀ ਸੀਨੀਆਰਤਾ ਬਣਾਉਣ ਸਬੰਧੀ ਸਿਧਾਂਤਕ ਸਹਿਮਤੀ ਦੇਣ ਤੋਂ ਇਲਾਵਾ ਸਿਆਸੀ ਅਤੇ ਗਲਤ ਅਧਾਰ ਤੇ ਕੀਤੇ ਤਬਾਦਲਿਆਂ ਦੇ ਹੁਕਮ ਵਾਪਸ ਲੈਣ ਅਤੇ ਵਰਕਚਾਰਜ ਤੋਂ ਸਹਾਇਕ ਲਾਈਨਮੈਨ ਬਣਾਉਣ ਲਈ ਵੱਖਰੇ ਤੌਰ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਬਿਜਲੀ ਮੁਲਾਜਮਾਂ ਦੇ ਸੰਘਰਸ਼ ਦੌਰਾਨ ਵਿਕਟੇਮਾਈਜੇਸ਼ਨ ਰੱਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸਮੁੱਚੀ ਨਵੀਂ ਭਰਤੀ ਦੀ ਪ੍ਰਕਿਰਿਆ ਨੂੰ ਤੇਜ ਕਰਕੇ ਪੈਡੀ ਸੀਜਨ ਤੋਂ ਪਹਿਲਾਂ ਉਮੀਦਵਾਰ ਭਰਤੀ ਕਰਨ ਦਾ ਭਰੋਸਾ ਦਿੱਤਾ ਅਤੇ ਬਾਕੀ ਰਹਿੰਦੀਆਂ ਮੰਗਾਂ ਤੇ ਜਲਦੀ ਮੀਟਿੰਗ ਕਰਕੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਉਪਰੋਕਤ ਅਨੁਸਾਰ ਸਹਿਮਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਜੁਆਇੰਟ ਫੋਰਮ ਵੱਲੋਂ 11 ਅਪ੍ਰੈਲ 2018 ਦੀ ਸੂਬਾਈ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮੈਨੇਜਮੈਂਟ ਨੂੰ ਦੱਸਿਆ ਗਿਆ ਜੇਕਰ ਉਪਰੋਕਤ ਬਣੀਆਂ ਸਹਿਮਤੀਆਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਜੁਆਇੰਟ ਫੋਰਮ ਆਪਣਾ ਸੰਘਰਸ਼ ਮੁੜ ਤੋਂ ਸ਼ੁਰੂ ਕਰੇਗਾ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।

