ਦੇਸ਼-ਵਿਦੇਸ਼ਪੰਜਾਬ

ਪੰਜਾਬ ਨੂੰ ਅਪਰਾਧ-ਮੁਕਤ ਕਰਨ ਲਈ ਸੀਸੀਟੀਵੀ ਕੈਮਰੇ ਦੇ ਕੇ ਪੁਲਿਸ ਨੂੰ ਸਹਿਯੋਗ ਕਰਨ ਪੰਜਾਬ ਦੇ ਸਾਰੇ ਐਮ.ਪੀ-ਭਗਵੰਤ ਮਾਨ

ਸੁਨਾਮ-ਧੂਰੀ ਤੋਂ ਬਾਅਦ ਹਲਕੇ ਦੇ ਬਾਕੀ ਸ਼ਹਿਰਾਂ ‘ਚ ਲੱਗਣਗੇ ਐਮ.ਪੀ ਕੋਟਾ ਫ਼ੰਡ ਨਾਲ ਸੀਸੀਟੀਵੀ ਕੈਮਰੇ
ਚੰਡੀਗੜ੍ਹ, 10 ਅਪ੍ਰੈਲ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਪ੍ਰਮੁੱਖ ਸ਼ਹਿਰਾਂ ਅਤੇ ਮਹੱਤਵਪੂਰਨ ਚੌਂਕ-ਚੌਰਾਹਿਆਂ ਉੱਪਰ ਐਮ.ਪੀ ਕੋਟਾ ਫ਼ੰਡ ‘ਚ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਗਵਾ ਕੇ ਪੰਜਾਬ ਪੁਲਿਸ ਦਾ ਸਹਿਯੋਗ ਕਰਨ।

‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਪਰਾਧ ਅਤੇ ਅਪਰਾਧੀਆਂ ਨਾਲ ਨਜਿੱਠਣ ਲਈ ਅੱਜ ਦੁਨੀਆ ਭਰ ‘ਚ ਸੀਸੀਟੀਵੀ ਕੈਮਰਿਆਂ ਦਾ ਸਫਲਤਾਪੂਰਵਕ ਸਹਾਰਾ ਲਿਆ ਜਾਂਦਾ ਹੈ। ਇਸ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰ ਸਿਆਸੀ ਸਫਬੰਦੀਆਂ ਤੋਂ ਉੱਤੇ ਉੱਠ ਕੇ ਆਪਣੇ-ਆਪਣੇ ਹਲਕਿਆਂ ਅੰਦਰ ਸਾਰੇ ਪ੍ਰਮੁੱਖ ਰਸਤਿਆਂ ਅਤੇ ਚੌਂਕ ਚੌਰਾਹਿਆਂ ‘ਤੇ ਉਸੇ ਤਰ੍ਹਾਂ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਗਾਉਣ ਲਈ ਐਮ.ਪੀ ਕੋਟਾ ਫ਼ੰਡ ਦੀ ਸੁਚੱਜੀ ਵਰਤੋਂ ਕਰਨ।
ਭਗਵੰਤ ਮਾਨ ਨੇ ਸੂਬੇ ਦੀ ਬਦਹਾਲ ਅਮਨ ਕਾਨੂੰਨ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਪੁਲਿਸ ਨੂੰ ਕਾਨੂੰਨ ਮੁਤਾਬਿਕ ਕੰਮ ਕਰਨ ਦੀ ਖੁੱਲ ਨਹੀਂ ਮਿਲਦੀ ਅਤੇ ਪੁਲਿਸ ਪ੍ਰਸ਼ਾਸਨ ਦੇ ਕੰਮਾਂ ‘ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਬੰਦ ਨਹੀਂ ਹੁੰਦੀ, ਉਦੋਂ ਤੱਕ ਅਮਨ ਕਾਨੂੰਨ ਦੀ ਸਥਿਤੀ ਚੌਣਤੀਆਂ ‘ਚ ਘਿਰੀ ਰਹੇਗੀ। ਅਫ਼ਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਅਖੌਤੀ ਜਥੇਦਾਰ ਥਾਣੇ ਚਲਾਉਂਦੇ ਸਨ, ਹੁਣ ਸੱਤਾਧਾਰੀ ਕਾਂਗਰਸ ਦੇ ਅਖੌਤੀ ਚੌਧਰੀ ‘ਥਾਣੇਦਾਰ’ ਬਣੇ ਹੋਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਬਦਹਾਲ ਸਥਿਤੀ ‘ਚ ਘੱਟੋ-ਘੱਟ ਪੰਜਾਬ ਦੇ ਸੰਸਦ ਮੈਂਬਰ ਹੀ ਆਪਣੇ-ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਅਤੇ ਸੀਸੀਟੀਵੀ ਕੈਮਰੇ ਲਗਵਾਉਣ।
ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਪੁਲਿਸ ਖ਼ਾਸ ਕਰ ਕੇ ਸੰਗਰੂਰ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਸੰਗਰੂਰ ਲੋਕ ਸਭਾ ਹਲਕੇ ਦੇ ਧੂਰੀ ਅਤੇ ਸੁਨਾਮ ਸ਼ਹਿਰਾਂ ‘ਚ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਗਾਏ ਹਨ, ਜਿਨ੍ਹਾਂ ਦੀ ਸਿੱਧੀ ਨਿਗਰਾਨੀ ਸੰਬੰਧਿਤ ਪੁਲਿਸ ਥਾਣੇ ਦੇ ਕੰਟਰੋਲ ਰੂਮ ਤੋਂ ਹੁੰਦੀ ਹੈ। ਮਾਨ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਉਪਰੰਤ ਹੁਣ ਸੰਗਰੂਰ, ਬਰਨਾਲਾ, ਭਵਾਨੀਗੜ੍ਹ, ਲਹਿਰਾਗਾਗਾ ਅਤੇ ਮਲੇਰਕੋਟਲਾ ਸ਼ਹਿਰਾਂ ‘ਚ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਨ ਵੱਲੋਂ ਅੰਗਹੀਣਾਂ ਨੂੰ ਸਕੂਟਰੀਆਂ, ਹਲਕੇ ਦੀਆਂ ਮੁੱਖ ਸੜਕਾਂ ‘ਤੇ ਸਥਿਤ ਪਿੰਡਾਂ ‘ਚ ਮਹਿਲਾ-ਪੁਰਸ਼ ਬਾਥਰੂਮਾਂ ਵਾਲੇ ਖ਼ੂਬਸੂਰਤ ਬੱਸ ਅੱਡੇ, ਜ਼ਰੂਰਤ ਪੈਣ ‘ਤੇ ਪਿੰਡਾਂ ਜਾਂ ਖੇਤਾਂ ‘ਚ ਅੱਗ ਬੁਝਾਉਣ ਦੇ ਕੰਮ ਆਉਣ ਵਾਲੀਆਂ ਦੇਸੀ ਫਾਇਰ ਬ੍ਰਿਗੇਡ ਪਾਣੀ ਦੀਆਂ ਟੈਂਕੀਆਂ ਅਤੇ ਸਰਕਾਰੀ ਸਕੂਲਾਂ ‘ਚ ਵੱਡੀ ਗਿਣਤੀ ‘ਚ ਬੈਂਚ ਅਤੇ ਨਵੀਆਂ ਬਿਲਡਿੰਗਾਂ ਤੇ ਬਾਥਰੂਮਾਂ ਦੀ ਉਸਾਰੀ ਦੇ ਕੰਮ ਅੱਛੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Leave a Reply

Your email address will not be published. Required fields are marked *