ਪਟਿਆਲਾ

ਬੱਸ ਹੇਠ ਆਉਣ ਨਾਲ ਹੋਈ ਮੌਤ ਦਾ ਮਾਮਲਾ : ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਆਵਾਜਾਈ ਠੱਪ ਕਰਕੇ ਕੀਤੀ ਨਾਅਰੇਬਾਜ਼ੀ

ਪਟਿਆਲਾ 22 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਹਿਰ ‘ਚ ਨਿੱਜੀ ਸਕੂਲ ਦੀ ਬੱਸ ਹੇਠ ਆਉਣ ਨਾਲ ਚਾਰ ਸਾਲਾਂ ਬੱਚੀ ਦੀ ਮੌਤ ਹੋਣ ਦਾ ਮਾਮਲੇ ਤੋਂ ਬਾਅਦ ਇਕ ਹੋਰ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਇਕ ਹੋਰ ਹਾਦਸਾ ਵਾਪਰਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਸੀ।

ਇਸ ਸਬੰਧ ‘ਚ ਭਾਵੇਂ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਸੀ, ਪ੍ਰੰਤੁ ਅੱਜ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਡਰਾਈਵਰ ਨੂੰ ਅਣਗਹਿਲੀ ਵਰਤੇ ਜਾਣ ਦਾ ਦੋਸ਼ੀ ਠਹਿਰਾਉਂਦਿਆਂ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੜਕ ਆਵਾਜਾਈ ਠੱਪ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਲਾਸ਼ ਸੜਕ ਵਿਚਕਾਰ ਰੱਖ ਕੇ ਚੱਕਾ ਜਾਮ ਕਰ ਦਿੱਤਾ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਿਹੜਾ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਉਹ ਪਰਿਵਾਰ ਨੂੰ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ਵਾਲੇ ਡਰਾਈਵਰ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ ਯੋਗ ਮੁਆਵਜ਼ਾ ਦਿੱਤਾ ਜਾਵੇ।
ਆਵਾਜਾਈ ਠੱਪ ਹੋਣ ਤੋਂ ਧਰਨੇ ਨੂੰ ਉਠਾਉਣ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਲਈ ਐਸਡੀਐਮ ਪੂਜਾ ਸਿਆਲ ਅਤੇ ਡੀਐਸਪੀ ਸਿਟੀ-2 ਪ੍ਰਸ਼ੋਤਮ ਸਿੰਘ ਬੱਲ ਪਹੁੰਚੇ, ਜਿਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਹੀ ਇਨਸਾਫ ਲਈ ਪਰਿਵਾਰਕ ਮੈਂਬਰਾਂ ਦੀ ਪੰਜ ਮੈਂਬਰ ਕਮੇਟੀ ਦਾ ਗਠਨ ਕਰਕੇ ਬਿਨਾਂ ਭੇਦਭਾਵ ਤੋਂ ਜਾਂਚ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸ਼ਿਕਾਇਤ ਕਰਤਾ ਮ੍ਰਿਤਕ ਦੇ ਸਪੁੱਤਰ ਨਿਰਮਲ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਕਿਹਾ ਹੈ ਕਿ ਸਕੂਲ ਬੱਸ ਦੇ ਡਰਾਈਵਰ ਵੱਲੋਂ ਤੇਜ ਰਫਤਾਰ ਨਾਲ ਬੱਸ ਚਲਾਈ ਜਾ ਰਹੀ ਸੀ, ਜਿਸ ਕਾਰਨ ਹਾਦਸਾ ਵਾਪਰਿਆ ਅਤੇ ਡਰਾਈਵਰ ਦੀ ਅਣਗਹਿਲੀ ਕਾਰਨ ਮੇਰੇ ਪਿਤਾ ਦੀ ਇਲਾਜ ਦੌਰਾਨ ਮੌਤ ਹੋਈ ਹੈ। ਇਸ ਸਬੰਧ ‘ਚ ਪੁਲਿਸ ਨੇ ਹਲਫੀਆ ਬਿਆਨਾਂ ‘ਤੇ ਧਾਰਾ 279, 30 ਤਹਿਤ ਮਾਮਲਾ ਦਰਜ ਕੀਤਾ ਸੀ।

Leave a Reply

Your email address will not be published. Required fields are marked *