ਪੰਜਾਬ

ਮੁੱਖ ਮੰਤਰੀ ਵੱਲੋਂ ਪਟਿਆਲਾ ਫਾਊਂਡੇਸ਼ਨ ਦੀ ਚਿਲਡਰਨ ਚਲਾਣ ਬੁੱਕ ਜਾਰੀ

ਬੱਚਿਆਂ ਤੇ ਮਾਪਿਆਂ ‘ਚ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਉਪਰਾਲਾ
ਪਟਿਆਲਾ, 10 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਫਾਊਂਡੇਸ਼ਨ ਵੱਲੋਂ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਅਤੇ ਮਾਪਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਬਣਾਈ ਚਿਲਡਰਨ ਚਲਾਣ ਬੁੱਕ ਨੂੰ ਜਾਰੀ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਵੀ ਹਾਜ਼ਰ ਸਨ। ਸਰਕਾਰੀ ਮਹਿੰਦਰਾ ਕਾਲਜ ਵਿਖੇ ਪੰਜਾਬ ਸਰਕਾਰ ਵੱਲੋਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਮੁੱਖ ਮੰਤਰੀ ਨੇ ਇਹ ਚਲਾਣ ਬੁੱਕ ਜਾਰੀ ਕੀਤੀ।

ਪਟਿਆਲਾ ਫਾਊਂਡੇਸ਼ਨ ਦੇ ਚੀਫ ਫੰਕਸ਼ਨਰੀ ਸ਼੍ਰੀ ਰਵੀ ਆਹਲੂਵਾਲੀਆ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਮੰਚ ‘ਤੇ ਪੁੱਜ ਕੇ ਮੁੱਖ ਮੰਤਰੀ ਨੂੰ ਫਾਊਂਡੇਸ਼ਨ ਦੇ ਕਾਰਜ ਬਾਰੇ ਜਾਣੂ ਕਰਵਾਇਆ। ਇਸ ਮੌਕੇ ਰਵੀ ਆਹਲੂਵਾਲੀਆ ਨੇ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਤੇ ਉਹਨਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਇੱਕ ਚਿਲਡਰਨ ਚਲਾਣ ਬੁੱਕ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਸੰਸਥਾ ਦੀ ਇਹ ਸੋਚ ਹੈ ਕਿ ਨਿਯਮ ਅਤੇ ਕਾਨੂੰਨ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਵੀ ਹਾਂ ਪੱਖੀ ਤਬਦੀਲੀ ਲਿਆਉਣੀ ਪਵੇਗੀ। ਉਹਨਾਂ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਵੱਲੋਂ ਇਹ ਚਲਾਣ ਬੁੱਕ ਜਾਰੀ ਕਰਨ ਦਾ ਮਕਸਦ ਜਿੱਥੇ ਬੱÎਚਿਆਂ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਉਹਨਾਂ ਨੂੰ ਬਚਪਨ ਤੋਂ ਹੀ ਪਰਪੱਕ ਕਰਨਾ ਹੈ, ਉੱਥੇ ਹੀ ਹੁਣ ਚੌਥੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਆਪਣੇ ਮਾਤਾ ਪਿਤਾ ‘ਤੇ ਨਜ਼ਰ ਰੱਖਣਗੇ ਕਿ ਵਾਹਨ ਚਲਾਉਣ ਮੌਕੇ ਕਿਤੇ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰ ਰਹੇ। ਮਾਪਿਆਂ ਵੱਲੋਂ ਉਲੰਘਣਾ ਕਰਨ ਦੀ ਸੂਰਤ ਵਿੱਚ ਬੱਚੇ ਆਪਣੇ ਮਾਪਿਆਂ ਦਾ ਹੀ ਸੰਕੇਤਕ ਚਲਾਣ ਕਰਨਗੇ ਅਤੇ ਇੱਕ ਮਹੀਨੇ ਬਾਅਦ ਇਹ ਚਲਾਣ ਬੁੱਕ ਪਟਿਆਲਾ ਫਾਊਂਡੇਸ਼ਨ ਕੋਲ ਪੁੱਜੇਗੀ। ਜਿੱਥੇ ਇਸ ਦਾ ਮੁਲੰਕਣ ਕਰਕੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਬਾਰੇ ਮਾਪਿਆਂ ਦੀ ਕੌਂਸਲਿੰਗ ਕੀਤੀ ਜਾਵੇਗੀ।
ਮੁੱਖ ਮੰਤਰੀ ਵੱਲੋਂ ਇਹ ਚਿਲਡਰਨ ਚਲਾਣ ਬੁੱਕ ਜਾਰੀ ਕਰਨ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ, ਸ੍ਰੀ ਮਦਨ ਲਾਲ ਜਲਾਲਪੁਰ, ਆਈ.ਜੀ.ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਪਟਿਆਲਾ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਆਰ.ਕੇ. ਸ਼ਰਮਾ, ਸੀਨੀਅਰ ਮੈਂਬਰ ਸ਼੍ਰੀ ਐਸ.ਪੀ. ਚਾਂਦ, ਸ਼੍ਰੀ ਪਵਨ ਗੋਇਲ, ਸ: ਹਰਪ੍ਰੀਤ ਸਿੰਘ ਸੰਧੂ, ਸ਼੍ਰੀ ਰਾਜੇਸ਼ ਵੱਧਵਰ, ਸ਼੍ਰੀ ਰਾਕੇਸ਼ ਗੋਇਲ, ਸ਼੍ਰੀ ਮਨਸਿਮਰਤ , ਸ਼੍ਰੀ ਅਮਰਜੋਤ ਸਿੰਘ ਅਤੇ ਸ਼੍ਰੀ ਜੀ.ਐਸ. ਸਿਕੰਦ ਵੀ ਹਾਜ਼ਰ ਸਨ।

Leave a Reply

Your email address will not be published. Required fields are marked *