ਕਠੂਆ ਅਤੇ ਉਨਾਓ ਘਟਨਾਵਾਂ ਦੇਸ਼ ਦੇ ਮੱਥੇ ‘ਤੇ ਕਲੰਕ : ਡਾ. ਗਾਂਧੀ
ਪਟਿਆਲਾ 18 ਅਪ੍ਰੈਲ (ਮਧੂਸਾਰ ਬਿਊਰੋ) ਪਟਿਆਲਾ ਦੇ ਸ਼ਹਿਰੀਆਂ ਵਲੋਂ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਕੀਤੀ ਗਈ ਰੋਸ ਰੈਲੀ ਅਤੇ ਮੋਮਬੱਤੀ ਮਾਰਚ ਵਿੱਚ ਅੱਜ ਇਹ ਨਾਅਰੇ ਗੂੰਜ ਰਹੇ ਸਨ ਕਿ “ਇਹ ਤਾਂ ਹੁਣ ਹੱਦ ਹੋ ਗਈ ਹੈ, ਬੱਸ ਹੋਰ ਨਹੀਂ ਬਰਦਾਸ਼ਤ ਹੁੰਦਾ ਅਤੇ ਅਸੀਂ ਕਠੂਆ ਉਨਾਓ ਅਤੇ ਸੂਰਤ ਵਿਖੇ ਕੀਤੇ ਦਰਿੰਦਗੀ ਭਰੇ ਜੁਰਮਾਂ ਲਈ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ।
ਮੁਜਾਹਰਾਕਾਰੀ ਮੰਗ ਕਰ ਰਹੇ ਸਨ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਡਾਕਟਰ ਧਰਮਵੀਰ ਗਾਂਧੀ, ਸਤਿੰਦਰ ਵਾਲੀਆ, ਉੱਘੀ ਨਾਟਕਕਾਰ ਮੈਡਮ ਪ੍ਰਮਿੰਦਰ ਕੌਰ, ਪੰਜਾਬ ਮੰਚ ਦੀ ਮੈਡਮ ਹਰਮੀਤ ਕੌਰ ਬਰਾੜ , ਪ੍ਰੋਫੈਸਰ ਮਲਕੀਅਤ ਸਿੰਘ ਸੈਣੀ, ਡਾਕਟਰ ਚਰਨਜੀਤ ਕੌਰ ਬਰਾੜ , ਐਡਵੋਕੇਟ ਰਿਸ਼ਬ ਸ਼ਰਮਾ ਅਤੇ ਸਮਾਜਕ ਜੀਵਨ ਦੇ ਵੱਖ ਵੱਖ ਖੇਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਵੀ ਰੋਸ ਮਾਰਚ ਵਿੱਚ ਭਾਗ ਲਿਆ।
ਇਸ ਮੌਕੇ ਤੇ ਬੋਲਦਿਆਂ ਸਮਾਜ ਦੇ ਸਾਰੇ ਆਗੂਆਂ ਨੇ ਦੇਸ਼ ਵਿੱਚ ਔਰਤਾਂ, ਦਲਿਤਾਂ ਅਤੇ ਘੱਟ ਗਿਣਤੀਆਂ ਵਿਰੁੱਧ ਵਧ ਰਹੇ ਜੁਰਮਾਂ ਤੇ ਗੁੱਸਾ ਅਤੇ ਚਿੰਤਾ ਪ੍ਰਗਟ ਕੀਤੀ ਅਤੇ ਸਮਾਜ ਦੇ ਇਹਨਾਂ ਵਰਗਾਂ ਤੇ ਕੀਤੀਆਂ ਜਾ ਰਹੀਆਂ ਬੇਇਨਸਾਫ਼ੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਬ੍ਰਦਾਸ਼ਤ ਨਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਲੋਕਾਂ ਨੂੰ ਨਿਆਂ, ਬਰਾਬਰੀ, ਸ਼ਹਿਣਸ਼ੀਲਤਾ, ਅਤੇ ਭਾਈਚਾਰੇ ਤੇ ਅਧਾਰਿਤ ਸਮਾਜ ਦੀ ਸਿਰਜਣਾ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਔਰਤਾਂ ਜੋ ਕਿ ਸਮਾਜ ਦਾ ਅੱਧ ਬਣਦੀਆਂ ਹਨ ਵਿਰੁੱਧ ਅਜਿਹੇ ਅਣਮਨੁੱਖੀ ਜੁਰਮ ਕਰਨ ਵਾਲਿਆਂ ਦੀ ਵਡਿਆਈ ਕਰਨ ਵਾਲਿਆਂ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਔਰਤਾਂ ਦੀ ਹਰ ਤਰ੍ਹਾਂ ਦੇ ਜੁਲਮਾਂ ਅਤੇ ਧੱਕਿਆਂ ਤੋਂ ਮੁਕਤੀ ਤੋਂ ਬਿਨਾਂ ਕੋਈ ਵੀ ਸਮਾਜ ਸੱਭਿਆ ਸਮਾਜ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਰੋਸ ਰੈਲੀ ਦੇ ਆਯੋਜਕਾਂ ਨੇ ਆਪਣੇ ਗੁੱਸੇ ਦੇ ਪ੍ਰਗਟਾਵੇ ਲਈ ਬਾਅਦ ਵਿੱਚ ਉਮੈਕਸ ਮਾਲ ਤੋਂ ਫੁਆਰਾ ਚੌਕ ਤੱਕ ਮੋਮਬੱਤੀ ਮਾਰਚ ਕੱਢਿਆ ਅਤੇ ਸਰਕਾਰ ਤੋਂ ਪੀੜਤਾਂ ਲਈ ਇਨਸਾਫ਼ ਦੀ ਮੰਗ ਰੱਖੀ।

