ਜੇਲ੍ਹ ਤੋਂ ਬਾਹਰ ਆਏ ਸਿੱਧੂ, ਹੋਈ ਸਿਹਤ ਜਾਂਚ, ਸੀਜੀਐਮ ਨੂੰ ਸੌਂਪੀ ਜਾਵੇਗੀ ਰਿਪੋਰਟ
ਮੈਡੀਕਲ ਰਿਪੋਰਟ ਨਾਲ ਨੱਥੀ ਕੀਤਾ ਜਾਵੇਗਾ ‘ਡਾਇਟ’ ਸ਼ਡਿਊਲ : ਡਾ. ਐਚ ਐਸ ਰੇਖੀ
ਪਟਿਆਲਾ 23 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੋਡ ਰੇਜ ਮਾਮਲੇ ’ਚ ਸਜ਼ਾ ਜਾਫਤਾ ਕੇਂਦਰੀ ਜੇਲ੍ਹ ਪਅਿਆਲਾ ’ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਣ ਵਾਲੀ ਡਾਈਟ ਨੂੰ ਲੈ ਕੇ ਸੀ.ਜੀ.ਐਮ. ਨੇ ਡਾਕਟਰ ਪੈਨਲ ਤੋਂ ਰਿਪੋਰਟ ਮੰਗੀ ਸੀ, ਜਿਸ ਦੇ ਆਧਾਰ ’ਤੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ’ਚੋਂ ਬਾਹਰ ਲਿਆਂਦਾ ਗਿਆ ਅਤੇ ਰਾਜਿੰਦਰਾ ਹਸਪਤਾਲ ਵਿਖੇ ਉਨ੍ਹਾਂ ਦੇ ਵੱਖ ਵੱਖ ਟੈਸਟ ਕੀਤੇ ਗਏ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਚੁੱਪ ਧਾਰੀ ਰੱਖੀ ਅਤੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਗਠਿਤ ਕੀਤੀ ਡਾਕਟਰੀ ਟੀਮ ਵੱਲੋਂ ਅੱਜ ਨਵਜੋਤ ਸਿੰਘ ਸਿੱਧੂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਇਸ ਦੀ ਪੁਸ਼ਟੀ ਰਾਜਿੰਦਰਾ ਹਸਪਤਾਲ ਦੇ ਐਮ.ਐਸ ਡਾ. ਐਚ ਐਸ ਰੇਖੀ ਨੇ ਕੀਤੀ। ਐਮ ਐਸ ਡਾ. ਐਚ ਐਚ ਰੇਖੀ ਨੇ ਦੱਸਿਆ ਕਿ ਸਿੱਧੂ ਨੂੰ ਦਿੱਤੀ ਜਾਣ ਵਾਲੀ ਡਾਈਟ ਨੂੰ ਲੈ ਕੇ ਸੀਜੀਐਮ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਗਈ ਅਤੇ ਵੱਖ ਵੱਖ ਟੈਸਟ ਕਰਨ ਤੋਂ ਬਾਅਦ ਹੀ ਮੈਡੀਕਲ ਰਿਪੋਰਟ ਡਾਕਟਰਾਂ ਵੱਲੋਂ ਭੇਜੀ ਜਾਵੇਗੀ। ਡਾ. ਰੇਖੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਟੈਸਟ ਕਰਵਾਏ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਦਿੱਤੀ ਜਾਣ ਵਾਲੀ ‘ਡਾਇਟ’ ਸਬੰਧੀ ਵੇਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਗਰ ਦੇ ਟੈਸਟ, ਬਲੱਡ ਟੈਸਟ, ਦਿਲ ਦਾ ਟੈਸਟ ਹੋਵੇਗਾ ਅਤੇ ਖਾਣ ਪੀਣ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਾਜਰ ਸਿੰਘ ਮਾਨਸ਼ਾਹੀਆ, ਸ਼ੈਰੀ ਰਿਆੜ, ਗੌਰਵ ਸੰਧੂ, ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਵੀ ਪੁੱਜੇ ਹੋਏ ਸਨ।

