ਵਣ ਮੰਡਲ ਵਿਸਥਾਰ ਵੱਲੋਂ ਵਿਸ਼ਵ ਧਰਤੀ ਦਿਵਸ ਮਨਾਇਆ
ਪਟਿਆਲਾ, 23 ਅਪ੍ਰੈਲ (ਮਧੂਸਾਰ ਬਿਊਰੋ) ਵਣ ਵਿਭਾਗ ਦੇ ਵਣ ਮੰਡਲ ਵਿਸਥਾਰ, ਪਟਿਆਲਾ ਵੱਲੋਂ ਵਿਸ਼ਵ ਧਰਤੀ ਦਿਵਸ ਮੌਕੇ ਟੈਨ ਆਡੀਟੋਰੀਅਮ, ਥਾਪਰ ਯੂਨੀਵਰਸਿਟੀ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਐਸ.ਪੀ. (ਹੈਡਕੁਆਟਰ) ਸ਼੍ਰੀਮਤੀ ਕੰਵਰਦੀਪ ਕੌਰ ਪਟਿਆਲਾ ਅਤੇ ਕਰਨਲ ਮਨਜਿੰਦਰ ਸਿੰਘ (4 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ) ਨੇ ਬਤੌਰ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ।
ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਲਗਭਗ 500 ਵਿਦਿਆਰਥੀਆਂ ਅਤੇ ਸਟਾਫ਼ ਨੇ ਇਸ ਸਮਾਗਮ ਵਿੱਚ ਭਾਗ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਵਾਤਾਵਰਣ ਸੰਭਾਲ ਸਬੰਧੀ ਇੰਟਰ ਸਕੂਲ ਸਕਿੱਟ, ਕੁਇਜ਼, ਗਰੁੱਪ ਡਿਸਕਸ਼ਨ, ਗਰੈਫਿਟੀ ਵਰਕ, ਪੀ.ਪੀ.ਟੀ., ਕਵਿਤਾ, ਪੋਸਟਰ ਮੇਕਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ਼੍ਰੀ ਜੁਗਰਾਜ ਸਿੰਘ ਨੇ ਵਿਸ਼ਵ ਧਰਤੀ ਦਿਵਸ ਮਨਾਉਣ ਦੇ ਕਾਰਨਾਂ ਅਤੇ ਉਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਧਰਤੀ ਮਾਤਾ ਦੀ ਸੰਭਾਲ ਸਬੰਧੀ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਹਾਜ਼ਰੀਨ ਵਿਦਿਆਰਥੀਆਂ ਨੇ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਸੰਭਾਲਣ ਦਾ ਪ੍ਰਣ ਲਿਆ।
ਸੈਮੀਨਾਰ ਦੌਰਾਨ ਪਰਿਆਵਰਣ ਵੈਲਫੇਅਰ ਸੁਸਾਇਟੀ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਸਬੰੰਧੀ ਅਤੇ ਵਣ ਮੰਡਲ (ਵਿਸਥਾਰ) ਪਟਿਆਲਾ ਵੱਲੋਂ ਰੁੱਖਾਂ ਸਬੰਧੀ ਵਿਭਾਗੀ ਲਿਟਰੇਚਰ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸ਼੍ਰੀ ਰਜਨੀਸ਼ ਕੁਮਾਰ ਪ੍ਰਧਾਨ ਪਰਿਆਵਰਣ ਵੈਲਫੇਅਰ ਸੁਸਾਇਟੀ ਥਾਪਰ ਯੂਨੀਵਰਸਿਟੀ ਪਟਿਆਲਾ, ਸ਼੍ਰੀਮਤੀ ਅਮਨਦੀਪ ਕੌਰ ਵਣ ਰੇਂਜਰ, ਸ਼੍ਰੀ ਸੁਖਮਿੰਦਰ ਸਿੰਘ ਵਣ ਰੇਂਜਰ, ਕੈਪਟਨ ਮਨਜੀਤ ਸਿੰਘ (ਰਿਟਾ.), ਪ੍ਰਸ਼ਾਸਨਿਕ ਅਫ਼ਸਰ ਥਾਪਰ ਯੂਨੀਵਰਸਿਟੀ ਪਟਿਆਲਾ, ਸ਼੍ਰੀ ਬਲਿਹਾਰ ਸਿੰਘ ਫਾਰੈਸਟਰ, ਸ਼੍ਰੀਮਤੀ ਪਰਨੀਤ ਕੌਰ (ਫਾਰੈਸਟਰ) ਅਤੇ ਵਣ ਮੰਡਲ (ਵਿਸਥਾਰ) ਪਟਿਆਲਾ ਦਾ ਸਮੂਹ ਸਟਾਫ਼ ਹਾਜ਼ਰ ਸੀ।

