ਜੈਕਾਰਿਆਂ ਅਤੇ ਸਿਮਰਨ ਦੇ ਜਾਪ ਨਾਲ ਨਗਰ ਕੀਰਤਨ ਦਿੱਲੀ ਵੱਲ ਰਵਾਨਾ
ਬੁੱਢੀ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਪ੍ਰੋ. ਬਡੂੰਗਰ, ਸੁਰਜੀਤ ਸਿੰਘ ਰੱਖੜਾ ਤੇ ਸੰਗਤਾਂ ਨੇ ਕੀਤੀ ਸ਼ਿਰਕਤ
ਨੀਲੇ ਬਾਣੇ ਅਤੇ ਕੇਸਰੀ ਰੰਗ ਦੇ ਪਹਿਰਾਵਿਆਂ ਨਾਲ ਸਜੇ ਸਕੂਲੀ ਬੱਚਿਆਂ ਨੇ ਛੱਡਿਆ ਵਿਲੱਖਣ ਪ੍ਰਭਾਵ
ਪਟਿਆਲਾ 24 ਅਪ੍ਰੈਲ (ਮਧੂਸਾਰ ਬਿਊਰੋ) ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੇਰ ਸ਼ਾਮ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪੁੱਜਾ ਨਗਰ ਕੀਰਤਨ ਰਾਤ ਠਹਿਰਾਓ ਕਰਨ ਮਗਰੋਂ ਅੱਜ ਸਵੇਰੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਰਕਾਬਗੰਜ ਦਿੱਲੀ ਵੱਲ ਰਵਾਨਾ ਹੋਇਆ।
ਫੁੱਲਾਂ ਨਾਲ ਸਜੀ ਪਾਲਕੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸਨ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਨਿਹੰਗ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਲਾਭ ਸਿੰਘ ਦੇਵੀਨਗਰ, ਵਧੀਕ ਸਕੱਤਰ ਬਿਜੈ ਸਿੰਘ ਅਤੇ ਸ਼੍ਰੋਮਣੀ ਕਮੇਟੀ ਸਟਾਫ਼ ਹਾਜ਼ਰ ਸੀ।
ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਸੰਗਤਾਂ ਵੱਡੀ ਗਿਣਤੀ ‘ਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪੁੱਜੀਆਂ ਹੋਈਆਂ ਸਨ। ਨਗਰ ਕੀਰਤਨ ਦੌਰਾਨ ਸਜੀ ਪਾਲਕੀ ਦੇ ਨਾਲ ਚੱਲਦਿਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਜੈਕਾਰੇ ਲਗਾ ਜਾ ਰਹੇ ਸਨ ਤੇ ਵਾਹਿਗੁਰੂ ਦਾ ਸਿਮਰਨ ਵੀ ਕੀਤਾ ਜਾ ਰਿਹਾ ਸੀ। ਖਾਲਸੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਨਿਹੰਗ ਜਥੇਬੰਦੀਆਂ ਵੱਲੋਂ ਰਵਾਇਤੀ ਬਾਣੇ ‘ਚ ਸਜੇ ਸਨ ਅਤੇ ਗੱਤਕੀ ਪਾਰਟੀਆਂ ਨਗਰ ਕੀਰਤਨ ‘ਚ ਗੱਤਕੇ ਦੇ ਜੌਹਰ ਵਿਖਾ ਰਹੀਆਂ ਸਨ। ਨਗਰ ਕੀਰਤਨ ‘ਚ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਿਰਕਤ ਕੀਤੀ ਗਈ। ਨੀਲੇ ਬਾਣੇ ਅਤੇ ਕੇਸਰੀ ਰੰਗ ਦੇ ਪਹਿਰਾਵਿਆਂ ਨਾਲ ਨਗਰ ਕੀਰਤਨ ਸੰਗਤਾਂ ‘ਚ ਵਿਲੱਖਣ ਪ੍ਰਭਾਵ ਛੱਡ ਰਿਹਾ ਸੀ। ਨਗਰ ਕੀਰਤਨ ਦਾ ਐਸਐਸਟੀ ਨਗਰ, ਟਰੱਕ ਯੂਨੀਅਨ, ਹੀਰਾ ਬਾਗ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਰਾਜਪੁਰਾ ਮੁੱਖ ਮਾਰਗ ਤੋਂ ਹੁੰਦਾ ਹੋਇਆ, ਰਾਜਪੁਰਾ, ਸ਼ੰਭੂ ਬੈਰੀਅਰ ਲੰਘਦਾ ਹੋਇਆ ਕੁਰਕਸ਼ੇਤਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਰਾਤ ਦਾ ਠਹਿਰਾਓ ਕਰੇਗਾ ਅਤੇ ਅਗਲੀ ਸਵੇਰ ਮੁੜ ਦਿੱਲੀ ਵੱਲ ਰਵਾਨਾ ਹੋਵੇਗਾ।

