ਦੇਸ਼ ਦੇ ਚੰਗੇਰੇ ਭਵਿੱਖ ਲਈ ਨੌਜਵਾਨਾਂ ਨੂੰ ਸੰਸਦ ਦੀ ਕਾਰਜਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਅਹਿਮ-ਵਿਜੇ ਇੰਦਰ ਸਿੰਗਲਾ
ਨੌਜਵਾਨਾਂ ਨੂੰ ਮਜ਼ਬੂਤ ਲੋਕਤੰਤਰ ਲਈ ਇੱਕ ਜਾਗਰੂਕ ਨਾਗਰਿਕ ਬਨਣ ਦਾ ਸੱਦਾ
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ 14ਵੇਂ ਯੁਵਾ ਪਾਰਲੀਮੈਂਟ ਮੁਕਾਬਲੇ ਦਾ ਆਯੋਜਨ
ਪਟਿਆਲਾ, 26 ਅਪਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਯੁਵਾ ਸ਼ਕਤੀ ਨੂੰ ਦੇਸ਼ ਦੀ ਸੰਸਦ ਨੂੰ ਚਲਾਉਣ ਬਾਰੇ ਜਾਣੂ ਕਰਵਾਉਣਾ ਚੰਗੇਰੇ ਭਵਿੱਖ ਦੀ ਇੱਕ ਅਹਿਮ ਲੋੜ ਹੈ, ਕਿਉਂਕਿ ਸਾਡੇ ਇਨ੍ਹਾਂ ਨੌਜਵਾਨਾਂ ਵਿਚੋਂ ਹੀ ਦੇਸ਼ ਦੇ ਅਗਲੇ ਸਾਂਸਦ, ਮੰਤਰੀ ਅਤੇ ਪ੍ਰਧਾਨ ਮੰਤਰੀ ਬਣਨੇ ਹਨ।
ਸ੍ਰੀ ਸਿੰਗਲਾ ਇਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੇ ਯੂਥ ਪਾਰਲੀਮੈਂਟ ਵਿੰਗ ਵੱਲੋਂ ਕਰਵਾਏ ਜਾ ਰਹੇ 14ਵੇਂ ਕੌਮੀ ਯੁਵਾ ਪਾਰਲੀਮੈਂਟ ਮੁਕਾਬਲਿਆਂ ਦੀ ਲੜੀ ‘ਚ ਅੱਜ ਹੋਏ ਕੌਮੀ ਮੁਕਾਬਲੇ ਵਿੱਚ ਬਤੌਰ ਜੱਜ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਯੁਵਾ ਪਾਰਲੀਮੈਂਟ ਮੁਕਾਬਲੇ ਵਰਗੇ ਮੰਚ ਪ੍ਰਦਾਨ ਕਰਨੇ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਇਹ ਤਜਰਬਾ ਭਵਿੱਖ ‘ਚ ਨੌਜਵਾਨਾਂ ਦੇ ਬਹੁਤ ਕੰਮ ਆਵੇਗਾ। ਆਪਣੇ ਸੰਬੋਧਨ ‘ਚ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਉਨ੍ਹਾਂ ਵਲੋਂ ਲੜੀ ਗਈ ਚੋਣ ਦਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਦੀ ਪਹਿਲੀ ਚੋਣ ਸੀ ਅਤੇ ਇਸ ਦੌਰਾਨ ਦੇਸ਼ ਭਰ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦਾ ਰਾਹ ਖੁੱਲਿਆ ਅਤੇ ਨੌਜਵਾਨਾਂ ਨੂੰ ਚੋਣਾਂ ਲੜਕੇ ਅੱਗੇ ਸਰਗਰਮ ਸਿਆਸਤ ‘ਚ ਆਉਣ ਦਾ ਮੌਕਾ ਮਿਲਿਆ, ਜਿਸ ਦੀ ਸਪਸ਼ਟ ਉਦਾਰਹਣ ਪੰਜਾਬ ਦੀ ਮੌਜੂਦਾ ਵਿਧਾਨ ਸਭਾ ਹੈ, ਜਿਥੇ ਕਈ ਅਜਿਹੇ ਵਿਧਾਇਕ ਵੀ ਮੌਜੂਦ ਹਨ, ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਜਾਗਰੂਕ ਨਾਗਰਿਕ ਵੀ ਬਨਣ ਤਾਂ ਕਿ ਸਾਡਾ ਦੇਸ਼ ਤਰੱਕੀ ਦੀਆਂ ਲੀਹਾਂ ‘ਤੇ ਪੈ ਸਕੇ। ਉਨ੍ਹਾਂ ਨੇ ਲੋਕਤੰਤਰ ਦੀ ਮਜਬੂਤੀ ਲਈ ਸੰਸਦੀ ਬਹਿਸ ਨੂੰ ਉਸਾਰੂ ਬਣਾਉਣ ਲਈ ਇੱਕ ਮਜਬੂਤ ਵਿਰੋਧੀ ਧਿਰ ਦੀ ਮਹੱਤਤਾ ਬਾਰੇ ਵੀ ਦੱਸਿਆ ਤੇ ਕਿਹਾ ਕਿ ਚੰਗੇ ਵਿਅਕਤੀਆਂ ਦੀ ਦੇਸ਼ ਦੀ ਸਿਆਸਤ ਨੂੰ ਅੱਜ ਬੇਹੱਦ ਲੋੜ ਹੈ ਅਤੇ ਇਹ ਲੋੜ ਨੌਜਵਾਨ ਵਿਦਿਆਰਥੀਆਂ ਵਿਚੋਂ ਹੀ ਪੂਰੀ ਹੋਵੇਗੀ।
ਇਸ ਮੌਕੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਸਾਬਕਾ ਡਾਇਰੈਕਟਰ ਅਤੇ ਐਨ.ਏ.ਐਲ.ਐਸ.ਏ.ਆਰ. ਯੂਨੀਵਰਸਿਟੀ ਹੈਦਰਾਬਾਦ ਦੇ ਸਾਬਕਾ ਉਪਕੁਲਪਤੀ ਡਾ. ਵੀਰ ਸਿੰਘ ਨੇ ਬਤੌਰ ਜੱਜ ਸ਼ਿਰਕਤ ਕਰਦਿਆਂ ਨੇ ਦੇਸ਼ ਦੀਆਂ ਸਮੱਸਿਆਂ ਦੇ ਹੱਲ ਲਈ ਪਾਰਲੀਮੈਂਟਰੀ ਕਮੇਟੀਆਂ ਦੀ ਮਹੱਤਤਾ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਸੰਸਦੀ ਮਾਣ ਮਰਿਆਦਾ ਤੇ ਬਹਿਸ ਦਾ ਪੱਧਰ ਉਚਾ ਚੁੱਕੇ ਜਾਣ ਦੀ ਲੋੜ ਹੈ ਅਤੇ ਅਜਿਹੇ ਯੁਵਾ ਪਾਰਲੀਮੈਂਟ ਮੁਕਾਬਲੇ ਇਸ ‘ਚ ਅਹਿਮ ਸਾਬਤ ਹੋਣਗੇ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧੀਨ ਸਕੱਤਰ ਸ੍ਰੀ ਰਾਜਨ ਅੱਤਰੀ ਨੇ ਬਤੌਰ ਜੱਜ ਸ਼ਾਮਲ ਹੁੰਦਿਆਂ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਨੂੰ ਇੱਕ ਸੰਸਦੀ ਕਾਰਜਪ੍ਰਣਾਲੀ ਬਾਰੇ ਜਾਗਰੂਕ ਕਰਨ ਲਈ 1997 ‘ਚ ਸ਼ੁਰੂ ਕੀਤੇ ਗਏ ਅਤੇ ਅੱਜ ਇਹ ਆਦਰਸ਼ ਸੰਸਦ ਵਜੋਂ ਇੱਕ ਮਾਡਲ ਬਣ ਗਏ ਹਨ।
ਇਸ ਮੌਕੇ ਆਰ.ਜੀ.ਐਨ.ਯੂ.ਐਲ. ਦੇ ਉਪ ਕੁਲਪਤੀ ਡਾ. ਪੀ.ਐਸ. ਜੈਸਵਾਲ ਨੇ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਜੀ.ਆਈ.ਐਸ. ਸੰਧੂ ਨੇ ਧੰਨਵਾਦ ਕੀਤਾ ਤੇ ਸਵੱਛ ਭਾਰਤ ਮਿਸ਼ਨ ਦੀ ਸਹੁੰ ਚੁਕਾਈ। ਇਸ ਯੁਵਾ ਪਾਰਲੀਮੈਂਟ ਮੁਕਾਬਲੇ ਵਿੱਚ ਜੁੜੀ ਸੰਸਦੀ ਮੀਟਿੰਗ ਦੌਰਾਨ ਸਹੁੰ ਚੁੱਕਣੀ, ਪ੍ਰਸ਼ਨ-ਕਾਲ, ਸਪੀਕਰ, ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੀ ਕਾਰਜਸਮੇਤ ਵਿਰੋਧੀ ਧਿਰ ਦੇ ਸੁਆਲ-ਜੁਆਬ ਅਤੇ ਬਹਿਸ ਪੇਸ਼ ਨੂੰ ਹੂਬਹੂ ਪੇਸ਼ ਕੀਤਾ ਗਿਆ।
ਇਸ ਮੁਕਾਬਲੇ ਵਿੱਚੋਂ ਅੱਠ ਵਿਦਿਆਰਥੀਆਂ ਨੂੰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ਲਈ ਅਗਲੇ ਮੁਕਾਬਲਿਆਂ ਲਈ ਚੁਣਿਆਂ ਗਿਆ ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਮੇਂ ਲੋਕ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ ਇੰਜ. ਵਰਿੰਦਰਜੀਤ ਸਿੰਘ ਢੀਂਡਸਾ, ਯੂਨੀਵਰਸਿਟੀ ਦੇ ਇੰਜੀਨੀਅਰ ਪਰਮਜੀਤ ਗੋਇਲ, ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਕੈਪਟਨ ਐਸ.ਪੀ. ਸਿੰਘ, ਤਾਲਮੇਲ ਅਧਿਕਾਰੀ ਰਾਜਮੋਹਨ ਸਿੰਘ ਕਾਲੇਕਾ, ਵਿਦਿਆਰਥੀ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ।

