ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਵਾਪਸ ਨਾ ਲਿਆ ਤਾਂ ਧਰਮ ਪਰਿਵਰਤਨ ਲਈ ਮਜ਼ਬੂਰ ਹੋਵਾਂਗੇ : ਫਾਰਗ ਮੁਲਾਜ਼ਮ
ਸ਼ਾਹਕੋਟ ਜ਼ਿਮਨੀ ਚੋਣ ਅਤੇ ਸ਼੍ਰੋਮਣੀ ਕਮੇਟੀ ਸਮਾਗਮਾਂ ਦੌਰਾਨ ਪਹੁੰਚ ਕੇ ਕਰਾਂਗੇ ਆਵਾਜ਼ ਬੁਲੰਦ
ਅੰਮ੍ਰਿਤਸਰ 3 ਮਈ (ਸੁਖਬੀਰ ਸਿੰਘ, ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਤੋਂ ਬਾਦ ਕੱਢੇ ਮੁਲਾਜ਼ਮਾਂ ਪ੍ਰਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੋਈ ਗੰਭੀਰਤਾ ਨਾ ਵਿਖਾਏ ਜਾਣ ਨੂੰ ਲੈ ਕੇ ਫਾਰਗ ਮੁਲਾਜ਼ਮਾਂ ‘ਚ ਰੋਸ ਦੀ ਲਹਿਰ ਉਠ ਖੜੀ ਹੋਈ ਹੈ।
ਫਾਰਗ ਮੁਲਾਜ਼ਮਾਂ ਨੇ ਅੱਜ ਸਕੱਤਰੀ ਬਾਗ ਵਿਖੇ ਇਕੱਠੇ ਹੋ ਕੇ ਨੌਕਰੀਓ ਬਹਾਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜਿਥੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੱਕ ਪਹੁੰਚਾਉਣ ਅਤੇ ਮੰਗ ਪੱਤਰ ਦੇਣ ਦੀ ਸਰਬਸੰਮਤੀ ਬਣਾਈ ਹੈ, ਉਥੇ ਫਾਰਗ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਜਲਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਨੌਕਰੀਓ ਬਹਾਲ ਕਰਨ ਲਈ ਚਾਰਾਜੋਈ ਨਾ ਕੀਤੀ ਗਈ ਤਾਂ ਉਹ ਧਰਮ ਪਰਿਵਰਤਨ ਕਰ ਲੈਣਗੇ।
ਫਾਰਗ ਮੁਲਾਜ਼ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ 523 ਮੁਲਾਜ਼ਮਾਂ ਨੂੰ ਬੇਨਿਯਮੀਆਂ ਦਾ ਨਾਂ ਦੇ ਕੇ ਨੌਕਰੀਓਂ ਫਾਰਗ ਕਰ ਦਿੱਤਾ ਗਿਆ ਹੈ, ਪਰ ਜੇ ਵੇਖਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਅਮਲੇ ਵੱਲੋਂ ਸਾਰੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਹੀ ਉਨ੍ਹਾਂ ਨੂੰ ਨੌਕਰੀ ਦਿੱਤੀ ਗਈ ਸੀ। ਮੁਲਾਜ਼ਮਾਂ ਨੇ ਕਿਹਾ ਕਿ ਡਿਊਟੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੀਤਾ ਗਿਆ ਅਤੇ ਕਦੇ ਵੀ ਡਿਊਟੀ ਦੌਰਾਨ ਕੋਤਾਹੀ ਨਹੀਂ ਕੀਤੀ ਗਈ, ਪਰ ਮੁਲਾਜ਼ਮਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀਓ ਹਟਾਕੇ ਉਨ੍ਹਾਂ ਨੂੰ ਮੁੜ ਬੇਰੁਜ਼ਗਾਰੀ ਦੀ ਕਤਾਰ ‘ਚ ਖੜਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਨੌਕਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ, ਪਰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਸੁਣਾ ਕੇ ਉਨ੍ਹਾਂ ਦੇ ਘਰ ਦੇ ਚੁੱਲ੍ਹੇ ਬੁਝਾ ਦਿੱਤੇ ਹਨ।
ਰੋਸ ਪ੍ਰਗਟ ਕਰਦਿਆਂ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇ ਸ਼੍ਰੋਮਣੀ ਕਮੇਟੀ ਨੇ ਆਪਣਾ ਨਾਦਰਸ਼ਾਹੀ ਫੈਸਲਾ ਵਾਪਸ ਨਾ ਲਿਆ ਤਾਂ ਉਹ ਧਰਮ ਪਰਿਵਰਤਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਨੌਕਰੀ ਦੀ ਪ੍ਰਾਪਤੀ ਲਈ ਉਹ ਸੰਘਰਸ਼ ਕਰਨ ਤੋਂ ਪਿਛੇ ਨਹੀਂ ਹਟਣਗੇ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਸ਼ਾਹਕੋਟ ਜ਼ਿਮਨੀ ‘ਚ ਅਕਾਲੀ ਦਲ ਬਾਦਲ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਹੋਣ ਵਾਲੇ ਸਮਾਗਮਾਂ ‘ਚ ਪਹੁੰਚ ਕੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ।
ਰੋਸ ਪ੍ਰਗਟ ਕਰਨ ਵਾਲੇ ਮੁਲਾਜ਼ਮਾਂ ‘ਚ ਸਤਿੰਦਰ ਸਿੰਘ, ਜਸਵਿੰਦਰ ਸਿੰਘ, ਸਹਿਜਪ੍ਰੀਤ ਕੌਰ, ਕੁਲਦੀਪ ਕੌਰ, ਨਿਸ਼ਾਨ ਸਿੰਘ, ਰਣਜੀਤ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਨਵਪ੍ਰੀਤ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦਾ ਨਾਂ ਕਾਲੇ ਇਤਿਹਾਸ ‘ਚ ਲਿਖਿਆ ਜਾਵੇਗਾ : ਹਰਪਾਲ ਸਿੰਘ
ਅੰਮ੍ਰਿਤਸਰ 3 ਮਈ (ਸੁਖਬੀਰ ਸਿੰਘ, ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਮੁਲਾਜ਼ਮਾਂ ਦੀ ਬਹਾਲੀ ਨੂੰ ਲੈ ਕੇ ਅੱਗੇ ਹੋ ਕੇ ਲੜਾਈ ਲੜ ਰਹੇ ਸਮਾਜ ਸੇਵੀ ਹਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਆਸੀ ਅਕਾਵਾਂ ਦੇ ਇਸ਼ਾਰੇ ‘ਤੇ ਨਾਦਰਸ਼ਾਹੀ ਫੈਸਲਾ ਸੁਣਾਉਂਦਿਆਂ 523 ਮੁਲਾਜ਼ਮਾਂ ਨੂੰ ਫਾਰਗ ਕਰਕੇ ਬੇਰੁਜ਼ਗਾਰ ਕੀਤਾ ਹੈ, ਜਿਸ ਕਰਕੇ ਭਾਈ ਲੌਂਗੋਵਾਲ ਦਾ ਨਾਮ ਕਾਲੇ ਇਤਿਹਾਸ ‘ਚ ਲਿਖਿਆ ਜਾਵੇਗਾ।
ਸ. ਹਰਪਾਲ ਸਿੰਘ ਨੇ ਫਾਰਗ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ‘ਤੇ ਕੰਮ ਕਰਦੇ ਹੋਏ ਆਪਣੇ ਘਰਾਂ ਦਾ ਗੁਜ਼ਾਰਾ ਮਸਾਂ ਹੀ ਚਲਾ ਰਹੇ ਸਨ, ਪਰ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਧਿਕਾਰੀਆਂ ਨੇ ਇਹ ਸੋਚਣਾ ਠੀਕ ਨਹੀਂ ਸਮਝਿਆ ਕਿ ਮੁਲਾਜ਼ਮ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਫਾਰਗ ਮੁਲਾਜ਼ਮਾਂ ਨੇ ਦੁਖੀ ਹੋ ਕੇ ਧਰਮ ਪਰਿਵਰਤਨ ਕਰਨ ਦਾ ਫੈਸਲਾ ਲਿਆ ਹੈ। ਸ. ਹਰਪਾਲ ਸਿੰਘ ਨੇ ਕਿਹਾ ਕਿ ਜੇ ਫਾਰਗ ਮੁਲਾਜ਼ਮਾਂ ਧਰਮ ਪਰਿਵਰਤਨ ਕਰ ਲਿਆ ਤਾਂ ਭਾਈ ਲੌਂਗੋਵਾਲ ਦਾ ਨਾਂ ਕਾਲੇ ਇਤਿਹਾਸ ‘ਚ ਲਿਖਣ ਤੋਂ ਕੋਈ ਰੋਕ ਨਹੀਂ ਸਕਦਾ।

