ਸੀ.ਐਮ. ਸਿਟੀ ‘ਚ ਕਾਂਗਰਸੀ ਵਿਧਾਇਕ ਦੇ ਸਿਰ ਚੜ੍ਹ ਬੋਲਦੀ ਐ ਸੱਤਾ ਦੀ ਖੁਮਾਰੀ
ਪ੍ਰਨੀਤ ਕੌਰ ਦੇ ਸਮਾਗਮ ‘ਚ ਕਾਂਗਰਸੀ ਵਿਧਾਇਕ ਨੇ ਕੀਤੀ ਮੀਡੀਏ ਨਾਲ ਬਦਤਮੀਜ਼ੀ
ਸਮਾਗਮਾਂ ਦੇ ਬਾਈਕਾਟ ਦੀ ਚਿਤਾਵਨੀ ਮਗਰੌਂ ਪ੍ਰਨੀਤ ਕੌਰ ਨੇ ਹੱਲ ਕਰਵਾਇਆ ਮਸਲਾ
ਪਟਿਆਲਾ 7 ਮਈ (ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਸ਼ਹਿਰ ‘ਚ ਸੱਤਾ ਦਾ ਨਸ਼ਾ ਕਾਂਗਰਸੀ ਵਿਧਾਇਕ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸੀ.ਐਮ. ਸਿਟੀ ਦੇ ਕਾਂਗਰਸੀਆਂ ‘ਚ ਸੱਤਾ ਦੀ ਖੁਮਾਰੀ ਇਸ ਕਦਰ ਸਿਰ ਚੜ੍ਹ ਬੋਲ ਰਹੀ ਹੈ ਕਿ ਉਹ ਸਮਾਜ ਦਾ ਚੌਥਾ ਥੰਮ ਮੀਡੀਏ ਨੂੰ ਵੀ ਟਿੱਚ ਜਾਣਨ ਲੱਗ ਪਏ ਹਨ। ਅਜਿਹੀ ਇਕ ਮਿਸਾਲ ਬਿਜਲੀ ਨਿਗਮ ਦੇ ਬਡੂੰਗਰ ਸਥਿਤ ਟ੍ਰੇਨਿੰਗ ਇੰਸਟੀਚਿਊਟ ਵਿਖੇ ਕਾਂਗਰਸੀ ਵਿਧਾਇਕ ਵੱਲੋਂ ਇਕ ਇਲੈਕਟ੍ਰੋਨਿਕ ਚੈਨਲ ਦੇ ਪੱਤਰਕਾਰ ਨਾਲ ਕੀਤੀ ਗਈ ਬਦਤਮੀਜ਼ੀ ਤੋਂ ਮਿਲਦੀ ਹੈ।
ਜਾਣਕਾਰੀ ਅਨੁਸਾਰ ਬਿਜਲੀ ਨਿਗਮ ਦੇ ਟ੍ਰੇਨਿੰਗ ਇੰਸਟੀਚਿਊਟ ਵਿਖੇ ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਬਾਰੇ ਵਿਭਾਗਾਂ ਦੇ ਮੰਤਰੀ ਗੁਰਪੀਤ ਸਿੰਘ ਕਾਂਗੜ ਅਤੇ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਹੋਏ ਸਨ। ਸਮਾਗਮ ਦੀ ਕਵਰੇਜ ਲਈ ਸੱਦਾ ਪੱਤਰ ਅਨੁਸਾਰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਪੱਤਰਕਾਰ ਵੀ ਉਥੇ ਮੌਜੂਦ ਸਨ, ਪਰ ਹਰ ਸਮਾਗਮਾਂ ‘ਚ ਕਾਂਗਰਸੀ ਆਗੂ ਮਹਾਰਾਣੀ ਪ੍ਰਨੀਤ ਕੌਰ ਦੀ ਚਮਚਾਗਿਰੀ ਕਰਨ ਲਈ ਪਹਿਲੋਂ ਹੀ ਮੌਜੂਦ ਕੁਝ ਵਿਧਾਇਕ ਅਕਸਰ ਹੀ ਜਿਥੇ ਸੱਤਾ ਦੇ ਨਸ਼ੇ ‘ਚ ਲੋਕਾਂ ਨਾਲ ਦੁਰਵਿਵਹਾਰ ਕਰਦੇ ਵਿਖਾਈ ਦਿੰਦੇ ਹਨ, ਉਥੇ ਅੱਜ ਉਸ ਸਮੇਂ ਮਾਹੌਲ ਤਣਾਅਮਈ ਬਣ ਗਿਆ, ਜਦੋਂ ਸੀਐਮ ਸਿਟੀ ਦੇ ਇਕ ਕਾਂਗਰਸੀ ਵਿਧਾਇਕ ਨੇ ਪੱਤਰਕਾਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਮਾਮਲਾ ਤੂੜ ਜਾਣ ਮਗਰੋਂ ਜਦੋਂ ਪੱਤਰਕਾਰ ਭਾਈਚਾਰੇ ਨੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।
ਇਸ ਸਬੰਧੀ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਂਗਰਸੀ ਵਿਧਾਇਕ ਨੂੰ ਝਾੜ ਪਾਈ ਕਿ ਉਹ ਸਮਾਜ ‘ਚ ਹਰ ਵਿਅਕਤੀ ਦਾ ਸਨਮਾਨ ਕਰਨ ਅਤੇ ਖ਼ਾਸ ਤੌਰ ‘ਤੇ ਸਰਕਾਰ ਦੀਆਂ ਨੀਤੀਆਂ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰ ਭਾਈਚਾਰੇ ਦਾ ਖਿਆਲ ਵੀ ਰੱਖਣ, ਜਿਸ ਮਗਰੋਂ ਮਾਮਲਾ ਸ਼ਾਂਤ ਹੋਇਆ। ਦੂਜੇ ਪਾਸੇ ਪੱਤਰਕਾਰ ਭਾਈਚਾਰੇ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਣੂੰ ਕਰਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਤਿਕਾਰ ਵਜੋਂ ਉਹ ਅਕਸਰ ਅਜਿਹੇ ਕਾਂਗਰਸੀ ਵਿਧਾਇਕ ਦਾ ਲਿਹਾਜ਼ ਕਰ ਜਾਂਦੇ ਹਨ, ਪਰ ਜੇ ਕਾਂਗਰਸੀ ਵਿਧਾਇਕ ਨੇ ਆਪਣਾ ਵਤੀਰਾ ਮੀਡੀਏ ਪ੍ਰਤੀ ਬਦਲਾਅ ‘ਚ ਨਾ ਲਿਆਂਦਾ ਤਾਂ ਉਹ ਦਿਨ ਦੂਰ ਨਹੀਂ ਹੋਣਗੇ, ਜਦੋਂ ਕਾਂਗਰਸੀ ਵਿਧਾਇਕ ਵੱਲੋਂ ਕੀਤੀ ਜਾਂਦੀ ਮਾਈਨਿੰਗ ਅਤੇ ਹੋਰ ਘਪਲਿਆਂ ਦੀ ਖੋਲ੍ਹਕੇ ਰੱਖ ਦਿੱਤੀ ਜਾਵੇਗੀ।

