ਪਟਿਆਲਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਣਕ ਦੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ

ਫ਼ਤਹਿਗੜ੍ਹ ਸਾਹਿਬ, 10 ਮਈ (ਮਧੂਸਾਰ ਬਿਊਰੋ) ਅੱਜ ਜਦੋਂ ਕਿ ਵੱਡੀ ਪੱਧਰ ‘ਤੇ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ ਉਸ ਸਮੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਟਾਲਾ ਦੀ ਇੱਕ ਉਦਯੋਗਿਕ ਇਕਾਈ ਤੋਂ ਇੱਕ ਅਜਿਹਾ ਖਾਸ ਕਿਸਮ ਦਾ ਹਲ ਤਿਆਰ ਕਰਵਾਇਆ ਹੈ ਜਿਸ ਦੀ ਵਰਤੋਂ ਨਾਲ ਖੇਤਾਂ ਨੂੰ ਅਗਲੀ ਫਸਲ ਦੀ ਬਿਜਾਈ ਲਈ ਬੜੇ ਅਰਾਮ ਨਾਲ ਤਿਆਰ ਕੀਤਾ ਜਾ ਸਕਦਾ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਤਹਿਗੜ੍ਹ ਸਾਹਿਬ ਵੱਲੋਂ ਇਸ ਹਲ ਦੀ ਪ੍ਰਦਰਸ਼ਨੀ ਪਿੰਡ ਸੌਂਟੀ ਦੇ ਕਿਸਾਨ ਹਰਪਾਲ ਸਿੰਘ ਦੇ 17 ਏਕੜ ਖੇਤ ਵਿੱਚ ਕੀਤੀ ਗਈ ਜੋ ਕਿ ਕਿਸਾਨ ਠੇਕੇ ‘ਤੇ ਲੈ ਕੇ ਵਾਹ ਰਿਹਾ ਹੈ। ਇਹ ਖੇਤ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਰਿਮਟ ਯੂਨੀਵਰਸਿਟੀ ਦੇ ਨਜ਼ਦੀਕ ਹੈ। ਇਸ ਤੋਂ ਬਾਅਦ ਇਸ ਹਲ ਦੀ ਪ੍ਰਦਰਸ਼ਨੀ ਪਿੰਡ ਜਲਨਪੁਰ ਤਹਿਸੀਲ ਅਮਲੋਹ ਦੇ ਕਿਸਾਨ ਲਖਵਿੰਦਰ ਸਿੰਘ ਵੱਲੋਂ ਠੇਕੇ ‘ਤੇ ਲਈ ਗਈ 50 ਏਕੜ ਜਮੀਨ ਵਿੱਚ ਕੀਤੀ ਗਈ। ਇਨ੍ਹਾਂ ਦੋਵਾਂ ਕਿਸਾਨਾਂ ਦੇ ਖੇਤ ਵਿੱਚ ਇੱਕ ਏਕੜ ਰਕਬਾ ਵਾਹੁਣ ਲਈ 45 ਹਾਰਸ ਪਾਵਰ ਦੇ ਟਰੈਕਟਰ ਨਾਲ ਸਿਰਫ 12 ਮਿੰਟ ਦਾ ਹੀ ਸਮਾਂ ਲੱਗਿਆ। ਇਹ ਜਾਣਕਾਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਸ਼੍ਰੀ ਆਰ.ਕੇ. ਨਈਅਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦੌਰਾਨ ਕਿਸਾਨਾਂ ਨੇ ਇਸ ਘੱਟ ਲਾਗਤ ਵਾਲੇ ਹਲ ਜਿਸ ਦੀ ਕੀਮਤ ਕਰੀਬ 26 ਹਜਾਰ ਰੁਪਏ ਹੀ ਹੈ, ਨੂੰ ਪ੍ਰਚੱਲਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਗੱਲ ਲਈ ਵੀ ਸਰਾਹਨਾ ਕੀਤੀ ਕਿ ਕਣਕ ਦੇ ਨਾੜ ਦੀ ਜਮੀਨ ਵਿੱਚ ਹੀ ਵਾਹ ਕੇ ਖੇਤ ਤਿਆਰ ਕਰਨ ਲਈ ਜੋ ਮੁਫਤ ਵਿੱਚ ਨਵੀਂ ਤਕਨੀਕ ਵਾਲਾ ਹਲ ਮੁਹੱਈਆ ਕਰਵਾਇਆ ਗਿਆ ਹੈ। ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਨਵੇਂ ਹਲ ਨੂੰ ਸਹਿਜੇ ਹੀ ਕਿਸਾਨ ਵਰਤੋਂ ਵਿੱਚ ਲਿਆ ਕੇ ਸਫਲਤਾ ਪੂਰਵਕ ਕਣਕ ਦੇ ਨਾੜ ਨੂੰ ਜਮੀਨ ਵਿੱਚ ਵਾਹ ਸਕਦੇ ਹਨ। ਅਜਿਹਾ ਕਰਨ ਨਾਲ ਜਿਥੇ ਵਾਧੂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਉਣੀ ਪਵੇਗੀ ਅਤੇ ਨਾੜ ਨੂੰ ਖੇਤ ਵਿੱਚ ਵਾਹੁਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ।
ਵਾਤਾਵਰਣ ਇੰਜਨੀਅਰ ਨੇ ਦੱਸਿਆ ਕਿ ਤਕਨੀਕੀ ਤੌਰ ‘ਤੇ ਇਸ ਹਲ ਦੇ ਨਾਲ ਇੱਕ ਪਹੀਆ ਲੱਗਾ ਹੋਣ ਕਰਕੇ ਟਰੈਕਟਰ ਬਹੁਤ ਹੀ ਘੱਟ ਜੋਰ ਖਿਚਦਾ ਹੈ ਅਤੇ ਹਲ ਜਮੀਨ ਵਿੱਚ ਜਿਆਦਾ ਡੂੰਘਾ ਵੀ ਨਹੀਂ ਜਾਂਦਾ। ਇਸ ਕਰਕੇ ਇਸ ਹਲ ਨਾਲ ਬਹੁਤ ਹੀ ਆਸਾਨੀ ਨਾਲ ਖੇਤ ਨੂੰ ਵਾਹਿਆ ਜਾ ਸਕਦਾ ਹੈ। ਅਗਾਂਹਵਧੂ ਕਿਸਾਨਾਂ ਦੇ ਖੇਤ ਵਿੱਚ ਇਸ ਹਲ ਦੀ ਪ੍ਰਦਰਸ਼ਨੀ ਨੂੰ ਵੇਖ ਕੇ ਜ਼ਿਲ੍ਹੇ ਦੇ ਪਿੰਡ ਹਰਬੰਸਪੁਰੇ ਦੇ ਕਿਸਾਨ ਸਤਵਿੰਦਰ ਸਿੰਘ ਨੇ ਆਪਣੇ 6 ਏਕੜ ਅਤੇ ਸੁਹਾਗਹੇੜੀ ਦੇ ਕਿਸਾਨ ਗੁਰਚਰਨ ਸਿੰਘ ਨੇ ਆਪਣੇ 20 ਏਕੜ ਜਮੀਨ ਵਿੱਚ ਵੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਆਪਣੇ ਖੇਤਾਂ ਵਿੱਚ ਇਸ ਹਲ ਨਾਲ ਕਣਕ ਦੇ ਨਾੜ ਨੂੰ ਜਮੀਨ ਵਿੱਚ ਹੀ ਵਾਹੁਣ ਦੀ ਪ੍ਰਦਰਸ਼ਨੀ ਲਗਾਉਣ ਵਾਸਤੇ ਦਰਖਾਸਤ ਕੀਤੀ। ਇਸ ਹਲ ਦੀ ਪ੍ਰਦਰਸ਼ਨੀ ਨੂੰ ਵੇਖਣ ਵਾਲੇ ਕਿਸਾਨਾਂ ਨੇ ਸੁਝਾਅ ਦਿੱਤਾ ਕਿ ਜੇਕਰ ਕਣਕ ਅਤੇ ਝੋਨੇ ਦੇ ਨਾੜ ਨੂੰ ਸਹਿਜੇ ਹੀ ਜਮੀਨ ਵਿੱਚ ਵਾਹੁਣ ਲਈ ਘੱਟ ਲਾਗਤ ਵਾਲੀ ਮਸ਼ੀਨਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਪੰਜਾਬ ਦਾ ਕੋਈ ਵੀ ਕਿਸਾਨ ਕਣਕ ਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਏਗਾ।

Leave a Reply

Your email address will not be published. Required fields are marked *