ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਹੁਣ ਤੱਕ 13 ਹਜ਼ਾਰ 99 ਲੋਕਾਂ ਨੇ ਲਿਆ ਲਾਭ : ਸਿਵਲ ਸਰਜਨ
8 ਕਰੋੜ 46 ਲੱਖ 18 ਹਜ਼ਾਰ 86 ਰੁਪਏ ਦਾ ਕੀਤਾ ਗਿਆ ਇਲਾਜ
ਪਟਿਆਲਾ ਜ਼ਿਲ੍ਹੇ ਅੰਦਰ 1 ਲੱਖ 65 ਹਜ਼ਾਰ 776 ਪਰਿਵਾਰਾਂ ਨੂੰ ਬੀਮੇ ਦੀ ਮਿਲ ਰਹੀ ਹੈ ਸਹੂਲਤ
ਪਟਿਆਲਾ, 10 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ਦੇ ਹੁਣ ਤੱਕ 1,65,776 ਪਰਿਵਾਰ ਸ਼ਾਮਲ ਹੋ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਸ਼੍ਰੀ ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਇਸ ਬੀਮਾ ਯੋਜਨਾ ਦਾ ਲਾਭ ਨੀਲੇ ਕਾਰਡ ਧਾਰਕ ਪਰਿਵਾਰ 30 ਰੁਪਏ ਦੇਕੇ 50 ਹਜ਼ਾਰ ਤੱਕ ਦਾ ਸਿਹਤ ਬੀਮਾ ਕਰਵਾ ਸਕਦੇ ਹਨ ਇਸ ਵਿੱਚ ਦਾਖਲ ਰਹਿਣ ਦਾ ਅਤੇ ਇਲਾਜ ਦਾ ਖ਼ਰਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਸਕੀਮ ਨਾਲ ਇੰਨਪੈਨਲਡ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਸਰਕਾਰੀ ਹਸਪਤਾਲਾਂ ਵਿੱਚ ਬੀਮਾ ਧਾਰਕ ਇਲਾਜ ਮੁਫ਼ਤ ਕਰਵਾ ਸਕਦੇ ਹਨ।
ਸ੍ਰੀ ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਇਸ ਯੋਜਨਾਂ ਤਹਿਤ ਪਰਿਵਾਰ ਦੇ ਮੈਂਬਰਾਂ ਦਾ ਸਮਾਰਟ ਕਾਰਡ ਬਣਾ ਕੇ 5 ਮੈਂਬਰਾਂ ਤੱਕ ਦਾ ਪੰਜੀਕਰਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਬੀਮਾ ਯੋਜਨਾ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੋਣ, ਕਿਸੇ ਬਿਮਾਰੀ ਦੇ ਇਲਾਜ ਅਤੇ ਕੁਝ ਖ਼ਾਸ ਕੇਸਾਂ ਵਿੱਚ ਇੱਕ ਦਿਨ ਵਿੱਚ ਹੋਣ ਵਾਲੇ ਇਲਾਜਾਂ ਤੇ ਵੀ ਇਹ ਬੀਮਾ ਯੋਜਨਾ ਲਾਗੂ ਹੈ। ਉਨ੍ਹਾਂ ਦੱਸਿਆਂ ਕਿ ਪਰਿਵਾਰ ਦੇ ਮੁਖੀ ਦੀ ਦੁਰਘਟਨਾ ਦੇ ਵਿੱਚ ਅਚਾਨਕ ਮੌਤ ਹੋਣ ਤੇ 5 ਲੱਖ ਦਾ ਬੀਮਾ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆਂ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਪਟਿਆਲਾ ਜ਼ਿਲ੍ਹੇ ਅੰਦਰ ਇਸ ਸਕੀਮ ਅਧੀਨ 13,099 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਇਸ ਵਿੱਚ 8,46,18,086 ਰੁਪਏ ਦਾ ਖ਼ਰਚ ਆਇਆ ਹੈ।

