ਪਾਵਰ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਸੰਘਰਸ਼ ਦਾ ਐਲਾਨ : ਜੁਆਇੰਟ ਫੋਰਮ
13 ਜੂਨ 2018 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਅਤੇ ਜੂਨ ਦੇ ਅਖੀਰਲੇ ਹਫਤੇ ਹੜਤਾਲ ਕਰਨ ਦਾ ਐਲਾਨ
ਪਟਿਆਲਾ 11 ਮਈ (ਮਧੂਸਾਰ ਬਿਊਰੋ) ਪੀ. ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਪਹਿਲਵਾਨ), ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਕਰਮਚਾਰੀ ਦਲ ਅਤੇ ਇੰਪਲਾਈਜ਼ ਫੈਡਰੇਸ਼ਨ ਬਿਜਲੀ ਮੁਲਾਜਮ ਫਰੰਟ, ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਪੰਜਾਬ ਦੇ ਸਮੁੱਚੇ ਬਿਜਲੀ ਕਾਮੇ ਪਾਵਰ ਮੈਨੇਜਮੈਂਟ ਦੀਆਂ ਮੁਲਾਜਮ ਵਿਰੋਧੀ, ਟਾਲਮਟੋਲ ਅਤੇ ਗੈਰ ਸੰਜੀਦਾ ਨੀਤੀਆਂ ਵਿਰੁੱਧ 13 ਜੂਨ 2018 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਦੇਣਗੇ ਅਤੇ ਮਹੀਨਾ ਜੂਨ ਦੇ ਅਖੀਰਲੇ ਹਫਤੇ ਇੱਕ ਦਿਨ ਵੀ ਮੁਕੰਮਲ ਹੜਤਾਲ ਕਰਨਗੇ।
ਪੰਜਾਬ ਪੱਧਰ ਤੇ ਸਮੁੱਚੇ ਮੰਡਲ ਦਫਤਰਾਂ ਅੱਗੇ 18 ਅਪ੍ਰੈਲ 2018 ਨੂੰ ਮੈਨੇਜਮੈਂਟ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। 18 ਅਪ੍ਰੈਲ 2018 ਤੋਂ ਲਗਾਤਾਰ ਪਾਵਰਕਾਮ ਤੇ ਟਰਾਂਸਕੋ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਵਿਖਾਵੇ ਕੀਤੇ ਜਾਣਗੇ ਅਤੇ ਵਰਕ ਟੂ ਰੂਲ ਅਨੁਸਾਰ ਬਿਜਲੀ ਕਾਮੇ ਡਿਊਟੀਆਂ ਕਰਨਗੇ। 23 ਮਈ ਤੋਂ 30 ਮਈ ਤੱਕ ਸਮੁੱਚੇ ਸਰਕਲਾਂ ਦੀਆਂ ਕਨਵੈਨਸ਼ਨਾਂ /ਵਧਾਈਆਂ ਮੀਟਿੰਗਾਂ ਕਰਕੇ ਮੈਨੇਜਮੈਂਟ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ।
ਮੈਨੇਜਮੈਂਟ ਨੂੰ ਐਜੀਟੇਸ਼ਨ ਦਾ ਨੋਟਿਸ ਦੇਣ ਉਪਰੰਤ ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ ਧੀਮਾਨ, ਬ੍ਰਿਜ ਲਾਲ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਰਣਬੀਰ ਪਾਤੜਾਂ, ਅਵਤਾਰ ਕੈਂਥ, ਗੁਰਸੇਵਕ ਸਿੰਘ ਅਤੇ ਵਿਜੇ ਕੁਮਾਰ ਸ਼ਰਮਾ ਨੇ ਮੰਗਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪਾਵਰ ਮੈਨੇਜਮੈਂਟ ਨੇ ਮਿਤੀ 07-04-2018 ਦੀ ਮੀਟਿੰਗ ਸਮੇਂ ਲਿਖਤੀ ਤੌਰ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਮੰਨੀਆਂ ਮੰਗਾਂ ਲਾਗੂ ਦਾ ਭਰੋਸਾ ਦਿੱਤਾ ਸੀ। ਜਿਵੇਂ ਥਰਮਲਾਂ ਦੇ ਮਸਲੇ ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣਾ, ਪੰਜਾਬ ਸਰਕਾਰ ਦੇ ਮੁਲਾਜਮਾਂ ਵਾਂਗ ਮਿਤੀ 1-12-2011 ਤੋਂ ਪੇ ਬੈਂਡ ਵਿੱਚ ਵਾਧਾ ਦੇਣਾ, ਬਿਨਾਂ ਸ਼ਰਤ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ ਦਾ ਫੈਸਲਾ ਕਰਨਾ, ਵਰਕਚਾਰਜ ਅਤੇ ਆਰ.ਟੀ.ਐਮ. ਕਾਮੇ ਪੱਕੇ ਕਰਨਾ, ਥਰਮਲਾਂ ਸਮੇਤ ਸਾਰੇ ਕੇਡਰਾਂ ਦੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰਨਾ, ਨਵੀਂ ਭਰਤੀ ਰਾਹੀਂ ਸਹਾਇਕ ਲਾਈਨਮੈਨ, ਜੇ.ਈ., ਐਲ.ਡੀ.ਸੀ. ਆਦਿ ਨੂੰ ਨਿਯੁਕਤੀ ਪੱਤਰ ਦੇਣਾ, ਕੰਟਰੈਕਟ ਤੇ ਰੱਖੇ ਕਾਮੇ ਪੱਕੇ ਕਰਨਾਂ ਅਤੇ ਉਨ੍ਹਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨਾ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਥਰਮਲ ਪਲਾਟ ਬਠਿੰਡਾ ਅਤੇ ਰੋਪੜ ਦੇ ਯੂਨਿਟ ਪੱਕੇ ਤੌਰ ਤੇ ਬੰਦ ਕਰਕੇ ਹਜਾਰਾਂ ਪੋਸਟਾਂ ਖਤਮ ਕਰ ਰਹੀ ਹੈ। ਸਕਾਡਾ ਸਕੀਮ ਅਧੀਨ ਮਨੁੱਖ ਰਹਿਤ ਗਰਿਡ ਸਬ ਸਟੇਸ਼ਨ ਚਾਲੂ ਕਰਕੇ ਮੁਲਾਜਮਾਂ ਨੂੰ ਘਰੋ ਬੇਘਰ ਕੀਤਾ ਜਾ ਰਿਹਾ ਹੈ, ਬਿਜਲੀ ਦੇ ਰੇਟ ਵੱਧਣ ਕਾਰਨ ਜਿੱਥੇ ਖਪਤਕਾਰਾਂ ਤੇ ਵਿਤੀ ਭਾਰ ਵਧ ਰਿਹਾ ਹੈ ਉੱਥੇ ਮੁਲਾਜਮਾਂ ਅਤੇ ਆਮ ਲੋਕਾਂ ਦੇ ਹਿੱਤ ਵੀ ਪ੍ਰਭਾਵਤ ਹੋ ਰਹੇ ਹਨ ਦੋਵੇਂ ਨਿਗਮਾਂ ਵਿੱਚ ਨਿਜੀਕਰਨ ਨੂੰ ਬੜਾਵਾ ਦੇਣ ਲਈ ਆਊੂਟ ਸੋਰਸਿੰਗ ਦੀ ਨੀਤੀ ਤਹਿਤ ਮਹਿਕਮਾਨਾ ਤੌਰ ਤੇ ਕੰਮ ਕਰ ਰਹੇ ਕੰਟਰੈਕਟ ਕਾਮੇ ਪ੍ਰਾਈਵੇਟ ਕੰਪਨੀਆਂ ਵਿੱਚ ਤਬਦੀਲ ਕੀਤੇ ਜਾ ਰਹੇ ਹਨ। ਜਿਸ ਕਾਰਨ ਬਿਜਲੀ ਮੁਲਾਜਮਾਂ ਵਿੱਚ ਸਖਤ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਸਰਕਾਰ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਅਤੇ ਬਾਕੀ ਮੰਗਾਂ ਦਾ ਨਿਪਟਾਰਾ ਦਿੱਤੇ ਭਰੋਸੇ ਅਨੁਸਾਰ ਨਾ ਕੀਤਾ ਤਾਂ ਬਿਜਲੀ ਕਾਮੇ ਸੰਘਰਸ਼ ਦੌਰਾਨ ਹੋਰ ਵੀ ਤਿੱਖਾ ਐਕਸ਼ਨ ਕਰਨਗੇ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।

