ਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸੂਚਨਾ ਅਧਿਕਾਰ ਐਕਟ ਵਿਸ਼ੇ ਤੇ ਸੈਮੀਨਾਰ

ਪਟਿਆਲਾ: 15 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ, ਪੰਜਾਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਭਾਈ ਗੁਰਦਾਸ ਚੇਅਰ ਦੇ ਚੇਅਰਮੈਨ ਡਾ. ਸਰਬਜਿੰਦਰ ਸਿੰਘ ਦੀ ਦੇਖ-ਰੇਖ ਵਿਚ ‘ਸੂਚਨਾ ਅਧਿਕਾਰ ਐਕਟ 2015’ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੂਚਨਾ ਅਧਿਕਾਰ ਐਕਟ ਦੇ ਅਫਸਰ ਡਾ. ਗੁਰਚਰਨ ਸਿੰਘ ਟੌਹੜਾ ਨੇ ਕੀਤੀ। ਪੰਜਾਬ ਸਰਕਾਰ ਦੇ ਡਾਇਰੈਕਟਰ ਇਨਫਰਮੇਸ਼ਨ ਸ੍ਰ. ਜਰਨੈਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪਰਮਜੀਤ ਸਿੰਘ, ਕਾਨੂੰਨ ਵਿਭਾਗ ਨੇ ਮੁੱਖ ਵਕਤਾ ਵਜੋਂ ਇਨਫਰਮੇਸ਼ਨ ਐਕਟ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਚਾਨਣਾ ਪਾਇਆ। ਡਾ. ਡੀ.ਸੀ. ਗੁਪਤਾ ਨੇ ਸੂਚਨਾ ਅਧਿਕਾਰ ਕੇਂਦਰ ਨੂੰ ਲੋਕਾਂ ਦਾ ਜਮਾਂਦਰੂ ਹੱਕ ਗਰਦਾਨਦੇ ਹੋਏ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਅਜੇ ਤੱਕ ਵੀ ਆਪਣੇ ਇਸ ਹੱਕ ਤੋਂ ਪੂਰਨ ਤੌਰ ਤੇ ਅਣਜਾਣ ਹਨ। ਪ੍ਰਧਾਨਗੀ ਕਰਦਿਆਂ ਡਾ. ਗੁਰਚਰਨ ਸਿੰਘ ਟੌਹੜਾ ਨੇ ਕਿਹਾ ਕਿ ਸੂਚਨਾ ਅਧਿਕਾਰ ਕੇਂਦਰ ਵਿਚ ਜੇਕਰ ਬਦਲਾਖੋਰੀ ਦੀ ਭਾਵਨਾ ਨਾ ਹੋਵੇ ਤਾਂ ਬਹੁਤ ਹੀ ਹਾਂ-ਪੱਖੀ ਨਤੀਜੇ ਕੱਢੇ ਜਾ ਸਕਦੇ ਹਨ, ਪਰ ਦੁਖਾਂਤਕ ਪਹਿਲੂ ਇਹ ਹੈ ਕਿ ਇਸ ਦਾ ਰੂਪ ਨਾਂਹ-ਪੱਖੀ ਹੋ ਗਿਆ ਹੈ। ਡਾਇਰੈਕਟਰ ਸ. ਜਰਨੈਲ ਸਿੰਘ ਨੇ ਅੱਜ ਦੇ ਭਰਵੇਂ ਇਕੱਠ ‘ਤੇ ਖੁਸ਼ ਹੁੰਦੇ ਕਿਹਾ ਕਿ ਅਸੀਂ ਸਾਲ ਵਿਚ ਲਗਾਤਾਰ ਦੋ ਵਰਕਸ਼ਾਪਾਂ ਤੇ ਇਕ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨਾਲ ਮਿਲ ਕੇ ਕਰਿਆ ਕਰਾਂਗੇ।
ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਐਕਟ ਵਿਚ ਪਾਰਦਰਸ਼ਤਾ ਬੇਹੱਦ ਜ਼ਰੂਰੀ ਹੈ ਅਤੇ ਦੂਸਰਾ ਲੋਕ, ਵੱਡੇ ਲੋਕਾਂ ਦੇ ਡਰ ਕਾਰਨ ਆਰ.ਟੀ.ਆਈ. ਦਾ ਫਾਇਦਾ ਨਹੀਂ ਉਠਾ ਰਹੇ। ਧੰਨਵਾਦੀ ਮਤਾ ਅਮਰਜੀਤ ਸੋਢੀ ਨੇ ਪੇਸ਼ ਕੀਤਾ। ਸੈਮੀਨਾਰ ਦੌਰਾਨ ਹੋਈ ਵਿਚਾਰ ਚਰਚਾ ਦੌਰਾਨ ਡਾ. ਗੁਰਬਖਸ਼ ਸਿੰਘ, ਡਾ. ਨਾਗਰ ਸਿੰਘ, ਡਾ. ਸਤਵਿੰਦਰ ਸਿੰਘ ਨਾਗਰਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਤੇ ਹੋਰਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਸੌ ਤੋਂ ਵਧੇਰੇ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *