ਅੱਖ ਦਾਨ ਪੰਦਰਵਾੜੇ ਤਹਿਤ ਲਗਾਇਆ ਜਾਗਰੂਕਤਾ ਕੈਂਪ
ਅੱਖ ਦਾਨ ਨਾਲ ਕਿਸੇ ਦੀ ਹਨੇਰੀ ਜਿੰਦਗੀ ਨੂੰ ਕੀਤਾ ਜਾ ਸਕਦਾ ਹੈ ਰੋਸ਼ਨ।
ਪਟਿਆਲਾ 27 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਜਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਸਿਵਲ ਸਰਜਨ ਡਾ. ਰਾਜੂ ਧੀਰ ਜੀ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ 37 ਵੇਂ ਰਾਸ਼ਟਰੀ ਅੱਖਦਾਨ ਪੰਦਰਵਾੜੇ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਦੀ ਅਗਵਾਈ ਵਿੱਚ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਓ.ਪੀ.ਡੀ. ਵਿੱਚ ਆਏ ਮਰੀਜਾਂ ਨੂੰ ਅੱਖਦਾਨ ਅਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੋਕੇ ਉਹਨਾਂ ਨਾਲ ਡਾ. ਨਿਧੀ ਸਰਮਾ, ਡਾ. ਸੀਮਾ, ਡਾ.ਹਰਸਿਮਰਤ ਕੌਰ, ਅਪਥਾਲਮਿਕ ਅਫਸਰ ਸਤੀਸ਼ ਕੁਮਾਰ ਅਤੇ ਸਟਾਫ ਹਾਜਰ ਸੀ ।ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਨੇਂ ਸੰਬੋਧਨ ਕਰਦੇ ਕਿਹਾ ਕਿ 25 ਅਗਸਤ ਤੋਂ 8 ਸਤੰਬਰ ਤੱਕ ਅੱਖਦਾਨ ਜਾਗਰੂਕਤਾ ਪੰਦਰਵਾੜਾ ਮਨ੍ਹਾ ਕੇ ਅੱਖਦਾਨ ਨੂੰ ਲੋਕ ਲਹਿਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਜੋ ਅੱਖਾਂ ਲੈਣ ਅਤੇ ਅੱਖਾਂ ਦਾਨ ਦੇਣ ਵਾਲਿਆਂ ਦੇ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ ।
ਉਹਨਾਂ ਕਿਹਾ ਕਿ ਧਾਰਮਿਕ ਆਗੂਆਂ ਨੇ ਵੀ ਅੰਗਦਾਨ ਅਤੇ ਅੱਖਾਂ ਦੇ ਦਾਨ ਦੀ ਮਹੱਤਤਾ ਲਈ ਪ੍ਰੇਰਿਆ ਹੈ।ਅੱਖਾਂ ਜੋ ਕਿ ਮਰਨ ਉਪਰੰਤ ਜਲ ਕੇ ਰਾਖ ਹੋ ਜਾਂਦੀਆ ਹਨ, ਮੋਤ ਤੋਂ ਬਾਦ ਜਿਉਂਦੀਆਂ ਰਹਿ ਸਕਦੀਆਂ ਹਨ ਅਤੇ ਇੱਕ ਵਿਅਕਤੀ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਕਰ ਸਕਦਾ ਹੈ। ਮੈਡੀਕਲ ਅਫਸਰ ਡਾ. ਨਿਧੀ ਨੇਂ ਕਿਹਾ ਅੱਖ ਦਾਨ ਲਈ ਮੋਤ ਤੋਂ ਛੇ ਘੰਟਿਆਂ ਦੇ ਵਿਚ-ਵਿਚ ਅੱਖਾਂ ਕੱਢੀਆ ਜਾ ਸਕਦੀਆਂ ਹਨ।ਉਹਨਾਂ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਉਸਦੇ ਐਨਕਾ ਲੱਗੀਆ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਾਏ ਹੋਣ ਜਾਂ ਬੀ.ਪੀ. ਅਤੇ ਸ਼ੁਗਰ ਦਾ ਮਰੀਜ ਹੈ, ਵੀ ਅੱਖ ਦਾਨ ਕਰ ਸਕਦਾ ਹੈ ਪ੍ਰੰਤੂ ਜਿਹਨਾਂ ਮਰੀਜਾਂ ਨੂੰ ਐਚ. ਆਈ.ਵੀ./ ਏਡਜ, ਰੇਬੀਜ, ਦਿਮਾਗੀ ਬੁਖਾਰ ਅਤੇ ਕਾਲਾ ਪੀਲੀਆ ਹੈ ਉਹ ਅੱਖਾਂ ਦਾਨ ਨਹੀ ਕਰ ਸਕਦੇ। ਅਪਥਾਲਮਿਕ ਅਫਸਰ ਸਤੀਸ਼ ਕੁਮਾਰ ਨੇਂ ਦੱਸਿਆ ਕਿ ਅੱਖ ਦਾਨ ਕਰਨ ਲਈ ਨੇੜੇ ਦੇ ਅੱਖਦਾਨ ਕੇਂਦਰ ਜਾਂ 104 ਟੋਲ ਫ੍ਰੀ ਹੈਲਪਲਾਈਨ ਤੇ ਵੀ ਕਾਲ ਕਰਕੇ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।ਉਹਨਾਂ ਵਲੋਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਵੀ ਗਈ।

