ਕਿਸਾਨ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਨਾ ਲਾਉਣ : ਮੁੱਖ ਖੇਤੀਬਾੜੀ ਅਫ਼ਸਰ
20 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰਨਾ ਨਿਯਮਾਂ ਦੀ ਉਲੰਘਣਾ
ਪੰਜਾਬ ਪ੍ਰੀਜਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009 ਦੀ ਪਾਲਣਾ ਕੀਤੀ ਜਾਵੇ
ਪਟਿਆਲਾ, 17 ਮਈ (ਮਧੂਸਾਰ ਬਿਊਰੋ) ਪੰਜਾਬ ਅੰਦਰ ਜਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਪਹਿਲਾਂ ਅਤੇ ਲਵਾਈ 20 ਜੂਨ ਤੋਂ ਪਹਿਲਾਂ ਨਾ ਕਰਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਰਵਿੰਦਰ ਸਿੰਘ ਨੇ ਦੱਸਿਆਂ ਕਿ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਦੇ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਹੀਂ ਬੀਜੀ ਜਾ ਸਕਦੀ ਅਤੇ 20 ਜੂਨ ਤੋਂ ਪਹਿਲਾਂ ਕਿਸਾਨ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਕਰ ਸਕਦੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆਂ ਕਿ ਪ੍ਰੀਜਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009 ਵਿੱਚ ਸੋਧ ਕਰਦੇ ਹੋਏ ਨਵਾਂ ਨੋਟੀਫ਼ਿਕੇਸ਼ਨ ਮਿਤੀ 19-04-2018 ਤੋਂ ਲਾਗੂ ਕੀਤਾ ਗਿਆ ਹੈ। ਜਿਸ ਮੁਤਾਬਿਕ ਕੋਈ ਵੀ ਕਿਸਾਨ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਅਤੇ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਹੀਂ ਕਰ ਸਕਦਾ। ਇਸ ਸਬੰਧ ਵਿੱਚ ਸਮੇਂ-ਸਮੇਂ ਤੇ ਖੇਤੀਬਾੜੀ ਵਿਭਾਗ ਵੱਲੋਂ ਅਖ਼ਬਾਰਾਂ ਰਾਹੀਂ, ਲਾਊਡ ਸਪੀਕਰਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿੱਚ ਕੀਤੀ ਗਈ ਉਲੰਘਣਾ ਸਬੰਧੀ ਕਿਸਾਨ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਨੋਟਿਸ ਦੇ 3 ਦਿਨਾਂ ਦੇ ਅੰਦਰ-ਅੰਦਰ ਝੋਨੇ ਦੀ ਫ਼ਸਲ/ਪਨੀਰੀ ਨੂੰ ਨਸ਼ਟ ਕੀਤਾ ਜਾਵੇਗਾ। ਇਸ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਪ੍ਰੀਜਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009 ਦੀ ਧਾਰਾ 5 ਅਤੇ 6 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਹਿਤ ਕਿਸਾਨ ਵੀਰ ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾ ਨਾ ਕਰਨ।

