ਯੇਦੀਯੁਰੱਪਾ ਨੇ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਕੇ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ
ਨਵੀਂ ਦਿੱਲੀ 17 ਮਈ (ਮਧੂਸਾਰ ਬਿਊਰੋ) ਕਰਨਾਟਕ ਵਿਧਾਨ ਸਭਾ ਚੋਣਾ ਦੇ ਨਤੀਜੇ ਆਉਣ ਤੋਂ ਬਾਦ ਮਚੇ ਸਿਆਸੀ ਘਮਸਾਨ ਸ਼ੁਰੂ ਹੋਇਆ, ਜਿਸ ਤੋਂ ਬਾਦ ਭਾਜਪਾ ਵਿਧਾਇਕ ਦਲ ਦੇ ਆਗੂ ਬੀ ਐਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕ ਲਈ ਹੈ। ਯੇਦੀਯੁਰੱਪਾ ਨੇ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।
224 ਸੰਸਦੀ ਵਿਧਾਨ ਸਭਾ ਵਿਚ 222 ਸੀਟਾਂ ‘ਤੇ ਮਤਦਾਨ ਹੋਇਆ ਸੀ, ਜਿਸ ਵਿਚੋਂ ਭਾਜਪਾ ਨੂੰ 104, ਕਾਂਗਰਸ ਨੂੰ 78 ਅਤੇ ਜੇਡੀਐਸ ਨੂੰ 37 ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ, ਕਰਨਾਟਕ ਪਰਜਾਵੰਤ ਜਨਤਾ ਪਾਰਟੀ ਅਤੇ ਅਜ਼ਾਦ ਉਮੀਦਵਾਰ ਦੇ ਖਾਤੇ ਵਿਚ 1-1 ਸੀਟ ਆਈ ਸੀ।
ਬੀ.ਐਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਵੱਡਾ ਐਲਾਨ ਕੀਤਾ ਹੈ। ਆਪਣੇ ਪਹਿਲੇ ਵੱਡੇ ਫੈਸਲੇ ‘ਚ ਮੁੱਖਮੰਤਰੀ ਯੇਦੀਯੁਰੱਪਾ ਨੇ ਰਾਜ ਦੇ ਕਿਸਾਨਾਂ ਦਾ 1 ਲੱਖ ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਰਾਜ ਸਰਕਾਰ ਦੇ ਇਸ ਫੈਸਲਾ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਨੇ ਰਾਸ਼ਟਰੀ ਜਾਂ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੋਵੇਗਾ।
ਬੀ.ਜੇ.ਪੀ ਨੇ ਆਪਣੇ ਚੁਣਾਵੀਂ ਪੱਤਰ ‘ਚ ਕਿਸਾਨਾਂ ਦੀ ਕਰਜ਼ ਮੁਆਫੀ ਦਾ ਵਾਅਦਾ ਕੀਤਾ ਸੀ। ਘੋਸ਼ਣਾ ਪੱਤਰ ‘ਚ ਰਾਜ ‘ਚ 1.5 ਲੱਖ ਕਰੋੜ ਰੁਪਏ ਤੱਕ ਦੇ ਸਿੰਚਾਈ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦਾ ਵੀ ਵਾਅਦਾ ਕੀਤਾ। ਇਸ ਤੋਂ ਪਹਿਲੇ ਵੀਰਵਾਰ ਸਵੇਰੇ ਯੇਦੀਯੁਰੱਪਾ ਨੇ ਕਰਨਾਟਕ ਦੇ 23ਵੇਂ ਮੁੱਖਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ। ਰਾਜਪਾਲ ਵਾਜੁਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

