ਪੰਜਾਬਪਟਿਆਲਾ

ਗੌਣ ਸਰੋਤ ਸਿੱਖ ਧਰਮ ਦੇ ਸਦ-ਜਾਗਦੇ ਚੇਤਨਾ ਕੇਂਦਰ- ਡਾ. ਸਰਬਜਿੰਦਰ

ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਸਾਹਿਤ ਦੀ ਪੁਨਰ ਪੜ੍ਹਤ ਹੀ ਧਰਮ ਦੇ ਪ੍ਰਚਾਰ, ਪਾਸਾਰ ਅਤੇ ਉਸਦੀ ਸਦੀਵੀ ਹੋਂਦ ਦੀ ਸਥਾਪਨਾ ਲਈ ਉਸਦਾ ਘੇਰਾ ਵਸੀਹ ਕਰਨ ਵਿਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ, ਪਰ ਧਿਆਨ ਰਹੇ ਕਿ ਜੇਕਰ ਉਹ ਭੂਗੋਲਿਕ ਖਿੱਤੇ, ਕੌਮੀਅਤਾਂ, ਸਭਿਆਚਾਰਾਂ ਅਤੇ ਧਰਮ ਆਪਣੇ ਧਰਮ ਗ੍ਰੰਥ ਅਤੇ ਗ੍ਰੰਥਾਂ ਦੇ ਸਰੂਪ ਵਿਚਲੇ ਭੇਦਾਂ ਨੂੰ ਸਮਝਣ ਤੋਂ ਅਸਮਰੱਥ ਰਹੇ ਤਾਂ ਚੰਗੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ।

ਇਹ ਸ਼ਬਦ ਅੱਜ ਡਾ. ਸਰਬਜਿੰਦਰ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਦੇਖ ਰੇਖ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਗੌਣ ਸਰੋਤ ਤੇ ਉਨ੍ਹਾਂ ਦੀ ਭੂਮਿਕਾ’ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਕਰਵਾਈ ਗਈ ਵਿਚਾਰ ਗੋਸ਼ਟੀ ਵਿਚ ਬੋਲਦੇ ਹੋਏ ਡਾ. ਜਸਪਾਲ ਸਿੰਘ, ਨਕੋਦਰ ਨੇ ਕਹੇ। ਉਨ੍ਹਾਂ ਕਿਹਾ ਕਿ ਸਾਡਾ ਦੁਖਾਂਤਕ ਪਹਿਲੂ ਇਹ ਹੈ ਕਿ ਅਸੀਂ ਆਪਣੀ ਵਿਰਾਸਤੀ ਸੁਰ ਨਾਲ ਇਕ ਸੁਰ ਹੋਈਆਂ ਇਨ੍ਹਾਂ ਪਵਿੱਤਰ ਲਿਖਤਾਂ ਵੱਲ ਪਿੱਠ ਕਰ ਲਈ ਹੈ, ਫਲਸਰੂਪ ਚੰਗੇ ਨਤੀਜਿਆਂ ਦੀ ਆਸ ਵੀ ਕਿਵੇਂ ਕੀਤੀ ਜਾ ਸਕਦੀ ਹੈ। ਡਾ. ਸਤਿਨਾਮ ਸਿੰਘ ਸੰਧੂ ਨੇ ਗੋਸ਼ਟੀ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਅਸਲ ਵਿਚ ਇਹ ਸਾਰੇ ਗੌਣ ਸਰੋਤ ਕਿਸੇ ਵੀ ਧਰਮ ਨਾਲ ਸਬੰਧਿਤ ਧਰਮ ਗ੍ਰੰਥਾਂ ਦੀ ਵਿਆਖਿਆਕਾਰੀ ਦੇ ਆਰੰਭਲੇ ਯਤਨ ਹੁੰਦੇ ਹਨ। ਕਾਨੂੰਨ ਵਿਭਾਗ ਦੇ ਪ੍ਰੋਫੈਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਕਾਨੂੰਨੀ ਚਾਰਾਜੋਈ ਵਿਚ ਇਨ੍ਹਾਂ ਗ੍ਰੰਥਾਂ ਨੂੰ ਗਵਾਹ ਦੇ ਤੌਰ ਤੇ ਪ੍ਰਵਾਨ ਕੀਤਾ ਜਾਂਦਾ ਹੈ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਹ ਸ੍ਰੋਤ ਅਸਲ ਵਿਚ ਕਿਸੇ ਵੀ ਧਰਮ ਦੇ ਸਦ-ਜਾਗਦੇ ਚੇਤਨਾ ਕੇਂਦਰ ਹੁੰਦੇ ਹਨ ਜੋ ਕਿਸੇ ਕੌਮ, ਧਰਮ ਜਾਂ ਖਿੱਤੇ ਦੇ ਭੂਤ, ਭਵਿੱਖ ਅਤੇ ਵਰਤਮਾਨ ਨੂੰ ਸਦੀਵਤਾ ਬਖਸ਼ਦੇ ਹਨ। ਗੋਸ਼ਟੀ ਵਿਚ ਵਿਸ਼ੇਸ਼ ਤੌਰ ਤੇ ਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਗਗਨਦੀਪ ਸਿੰਘ ਤੇ ਡਾ. ਜਗਜੀਤ ਸਿੰਘ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *